ਰਵੇਲ ਸਿੰਘ ਭਿੰਡਰ
ਪਟਿਆਲਾ, 26 ਮਈ
ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਫ਼ਤਰ ਦੇ ਸਾਹਮਣੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ’ਵਰਸਿਟੀ ਪ੍ਰਤੀ ਰਵੱਈਏ ਦੇ ਵਿਰੋਧ ਵਿਚ ਰੋਸ ਧਰਨਾ ਲਾਇਆ ਗਿਆ। ਇਹ ਪ੍ਰਦਰਸ਼ਨ ਤਨਖ਼ਾਹਾਂ, ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ’ਵਰਸਿਟੀ ਨੂੰ ਗ੍ਰਾਂਟ ਦੀ ਮੰਗ ਲਈ ਕੀਤਾ ਗਿਆ। ਭਾਵੇਂ ਕਿ ਮਾਰਚ ਮਹੀਨੇ ਦੀ ਤਨਖ਼ਾਹ ਲੰਘੇ ਦਿਨੀਂ ਸਬੰਧਿਤ ਧਿਰਾਂ ਦੇ ਖ਼ਾਤਿਆਂ ਵਿੱਚ ਪਾ ਦਿੱਤੀ ਗਈ ਸੀ ਪਰ ਅਪਰੈਲ ਮਹੀਨੇ ਦੀ ਤਨਖ਼ਾਹ ਹਾਲੇ ਵੀ ਲਟਕਣ ਖ਼ਿਲਾਫ਼ ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਰੋਸ ਜ਼ਾਹਿਰ ਕੀਤਾ।
ਇਸ ਧਰਨੇ ਵਿੱਚ ਏ ਕਲਾਸ ਆਫੀਸਰਜ਼, ਅਧਿਆਪਕਾਂ, ਪੈਨਸ਼ਰਨਜ਼ ਵੈਲਫੇਅਰ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਧਰਨੇ ਵਿੱਚ ਪੂਟਾ ਪ੍ਰਧਾਨ ਡਾ. ਨਿਸ਼ਾਨ ਸਿੰਘ ਨੇ ਰੋਸ ਜ਼ਾਹਿਰ ਕੀਤਾ ਕਿ ’ਵਰਸਿਟੀ ਦੀ ਵਿੱਤੀ ਸਮੱਸਿਆ ਨੂੰ ਲੈ ਕੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਇਸ ਦੀ ਮਾਲੀ ਹਾਲਤ ਨੂੰ ਸੁਧਾਰਨ ਲਈ ਹੀਲਾ ਨਹੀਂ ਕਰ ਰਿਹਾ। ਏ ਕਲਾਸ ਅਫ਼ਸਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਿੰਦਰਪਾਲ ਸਿੰਘ ਬੱਬੀ ਨੇ ਆਖਿਆ ਕਿ ’ਵਰਸਿਟੀ ਨੂੰ ਵਿੱਤੀ ਕਮਜ਼ੋਰੀ ਵਿਚੋਂ ਕੱਢਣ ਲਈ ਸਰਕਾਰ ਵੱਲੋਂ ਉਚਿਤ ਯੱਕਮੁਸ਼ਤ ਗਰਾਂਟ ਦੇਣਾ ਹੀ ਇੱਕ ਹੱਲ ਹੈ। ਏ ਕਲਾਸ ਦੇ ਮਨਦੀਪ ਸਿੰਘ ਚਾਹਲ ਨੇ ਆਖਿਆ ਕਿ ਬਜਟ ਵਿੱਚ ਐਲਾਨੀ 90 ਕਰੋੜ ਰੁਪਏ ਦੀ ਰਕਮ ਮੁਹੱਈਆ ਕਰਵਾਈ ਜਾਵੇ ਤੇ ’ਵਰਸਿਟੀ ਦੀ ਮਹੀਨਾਵਾਰ ਗਰਾਂਟ ਵਿਚ ਯੋਗ ਵਾਧਾ ਕੀਤਾ ਜਾਵੇ। ਪੂਟਾ ਸਕੱਤਰ ਡਾ. ਅਵਨੀਤਪਾਲ ਸਿੰਘ ਨੇ ਕਿਹਾ ਕਿ ਅਪਰੈਲ ਮਹੀਨੇ ਦੀ ਤਨਖ਼ਾਹ ਅਤੇ ਪੈਨਸ਼ਨ, ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਜਾਰੀ ਨਹੀਂ ਹੋ ਸਕੀਆਂ। ਪੈਨਸ਼ਨਰਜ਼ ਵੱਲੋਂ ਆਜ਼ਾਦ ਸਿੰਘ ਨੇ ਆਖਿਆ ਕਿ ਕਰੋਨਾ ਬਿਮਾਰੀ ਦੇ ਚਲਦਿਆਂ ਪੈਨਸ਼ਨ ਲੈਣ ਲਈ ਧਰਨੇ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ।
ਇਸ ਧਰਨੇ ਵਿੱਚ ਅਧਿਆਪਕਾਂ ਵੱਲੋਂ ਡਾ. ਰਾਜਦੀਪ ਸਿੰਘ, ਡਾ. ਅਮਰਪ੍ਰੀਤ ਸਿੰਘ ਅਤੇ ਬੀ ਕਲਾਸ ਤੋਂ ਧਰਮਿੰਦਰ ਸਿੰਘ ਪੰਨੂ ਵੀ ਹਾਜ਼ਰ ਸਨ। ਪੂਟਾ ਤੇ ਏ ਕਲਾਸ ਦੇ ਅਹੁਦੇਦਾਰਾਂ ਨੇ ਆਖਿਆ ਕਿ ਕਰੋਨਾ ਬਿਮਾਰੀ ਦੇ ਚੱਲਦਿਆਂ ਮੰਗਾਂ ਦਾ ਠੋਸ ਹੱਲ ਕੱਢੇ ਜਾਣ ਨਾ ਕੇ ਧਰਨੇ ਲਾਉਣ ਲਈ ਮਜਬੂਰ ਕੀਤਾ ਜਾਵੇ।