ਰਵੇਲ ਸਿੰਘ ਭਿੰਡਰ
ਪਟਿਆਲਾ, 22 ਅਪਰੈਲ
ਪੰਜਾਬੀ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਦਫਤਰ ਅੱਗੇ ਜੁਆਇੰਟ ਐਕਸ਼ਨ ਕਮੇਟੀ ਵੱਲੋਂ ਅੱਜ ਵੀ ਰੋਸ ਧਰਨਾ ਦਿੱਤਾ ਗਿਆ। ਧਰਨੇ ਵਿਚ ਪੰਜਾਬੀ ਯੂਨੀਵਰਸਿਟੀ ਟੀਚਰਜ਼ ਐਸੋਸੀਏਸ਼ਨ, ਏ-ਕਲਾਸ ਐਸੋਸੀਏਸ਼ਨ, ਬੀ. ਤੇ ਸੀ. ਕਲਾਸ ਕਰਮਚਾਰੀ ਸੰਘ ਤੇ ਪੈਨਸ਼ਰਨਜ਼ ਵੱਲੋਂ ਸ਼ਮੂਲੀਅਤ ਕੀਤੀ ਗਈ। ਰੋਸ ਧਰਨੇ ’ਚ ਪਿਛਲੇ ਦਿਨਾਂ ਵਾਂਗ ਅੱਜ ਵੀ ਤਨਖਾਹਾਂ ਤੇ ਪੈਨਸ਼ਨਾਂ ਦੀ ਸਮੇਂ ਸਿਰ ਅਦਾਇਗੀ, ਯੂਨੀਵਰਸਿਟੀ ਨੂੰ ਪੰਜਾਬ ਸਰਕਾਰ ਤੋਂ ਵਿੱਤੀ ਗਰਾਂਟ ਦੁਆਉਣਾ ਤੇ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਬਹਾਲ ਰੱਖਣ ਦੇ ਮਸਲੇ ਉਠਾਏ ਗਏ।
ਜੁਆਇੰਟ ਐਕਸ਼ਨ ਕਮੇਟੀ ਦੇ ਬੁਲਾਰਿਆਂ ਨੇ ਦੱਸਿਆ ਕਿ ਅੱਜ ਮਹੀਨੇ ਦੇ 22 ਦਿਨ ਲੰਘ ਜਾਣ ਦੇ ਬਾਵਜੂਦ ਮੁਲਾਜ਼ਮਾਂ ਨੂੰ ਤਨਖਾਹਾਂ ਤੇ ਪੈਨਸ਼ਨਾਂ ਦੀ ਅਦਾਇਗੀ ਨਹੀਂ ਹੋਈ। ਇਸ ਬਜਟ ਸ਼ੈਸਨ ਵਿੱਚ ਯੂਨੀਵਰਸਿਟੀ ਲਈ ਐਲਾਨੀ 90 ਕਰੋੜ ਦੀ ਗਰਾਂਟ ਵੀ ਯੂਨੀਵਰਸਿਟੀ ਨੂੰ ਮੁਹੱਈਆ ਨਹੀਂ ਕਰਵਾਈ ਗਈ ਜਿਸ ਕਾਰਨ ਮੁਲਾਜ਼ਮਾਂ ’ਚ ਭਾਰੀ ਰੋਸ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਹ ਗਰਾਂਟ ਜਲਦੀ ਰਿਲੀਜ਼ ਕਰਵਾਏ ਤਾਂ ਜੋ ਯੂਨੀਵਰਸਿਟੀ ’ਚ ਚੱਲ ਰਹੇ ਆਰਥਿਕ ਸੰਕਟ ਦਾ ਸਾਹਮਣਾ ਕੀਤਾ ਜਾ ਸਕੇ। ਕਮੇਟੀ ਨੇ ਉਮੀਦ ਜਗਾਈ ਹੈ ਕਿ ਨਵੇਂ ਬਣੇ ਵਾਈਸ-ਚਾਂਸਲਰ ਡਾ. ਅਰਵਿੰਦ ਜਲਦ ਹੀ ਪੰਜਾਬ ਸਰਕਾਰ ਤੋਂ ਵਿੱਤੀ ਗ੍ਰਾਂਟ ਮੁਹੱਈਆ ਕਰਵਾ ਕੇ ਯੂਨੀਵਰਸਿਟੀ ਨੂੰ ਵਿੱਤੀ ਸੰਕਟ ’ਚੋਂ ਕੱਢਣਗੇ ਤੇ ਇਸ ਦੇ ਨਾਲ ਹੀ ਯੂਨੀਵਰਸਿਟੀ ਦੀ ਖੁਦਮੁਖਤਿਆਰੀ ਬਹਾਲ ਕਰਾਉਣ ਦੀ ਕੋਸ਼ਿਸ਼ ਕਰਨਗੇ। ਧਰਨੇ ਵਿੱਚ ਪੂਟਾ ਪ੍ਰਧਾਨ ਤੇ ਮੀਤ ਪ੍ਰਧਾਨ ਡਾ. ਨਿਸ਼ਾਨ ਸਿੰਘ ਦਿਓਲ, ਡਾ. ਮਨਿੰਦਰ ਸਿੰਘ, ਖਜ਼ਾਨਚੀ ਡਾ. ਬਲਰਾਜ ਸਿੰਘ ਬਰਾੜ, ਏ-ਕਲਾਸ ਅਫਸਰ ਐਸੋਸੀਏਸ਼ਨ ਤੋਂ ਗੁਰਿੰਦਰਪਾਲ ਸਿੰਘ ਬੱਬੀ, ਬੀ ਤੇ ਸੀ ਕਲਾਸ ਕਰਮਚਾਰੀ ਸੰਘ ਤੋਂ ਅਵਤਾਰ ਸਿੰਘ, ਗੁਰਜੀਤ ਸਿੰਘ ਅਤੇ ਪੈਨਸ਼ਨਰਜ਼ ਐਸੋਸ਼ੀਏਸ਼ਨ ਤੋਂ ਗੁਰਚਰਨ ਸਿੰਘ ਨੇ ਸਮੂਲੀਅਤ ਕੀਤੀ।
ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ (ਪੂਟਾ) ਨੇ ਡਾ. ਅਰਵਿੰਦ ਨੂੰ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਦਾ ਰੈਗੂਲਰ ਵਾਈਸ-ਚਾਂਸਲਰ ਨਿਯੁਕਤ ਕਰਨ ’ਤੇ ਸਰਕਾਰ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਤੇ ਨਾਲ ਹੀ ਸਰਕਾਰ ਦਾ ਧੰਨਵਾਦ ਕੀਤਾ ਕਿਉਂਕਿ ਪੂਟਾ ਕਾਫੀ ਸਮੇਂ ਤੋਂ ਰੈਗੂਲਰ ਵਾਈਸ-ਚਾਂਸਲਰ ਲਗਾਉਣ ਦੀ ਮੰਗ ਕਰ ਰਹੀ ਸੀ।
ਸੰਘ ਨੂੰ ਆਸ ਹੈ ਕਿ ਯੂਨੀਵਰਸਿਟੀ ਡਾ. ਅਰਵਿੰਦ ਦੀ ਅਕਾਦਮਿਕ ਮੁਹਾਰਤ ਦਾ ਲਾਭ ਉਠਾਉਂਦੇ ਹੋਏ ਤਰੱਕੀ ਕਰੇਗੀ। ਪੂਟਾ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਸੁਹਿਰਦ ਢੰਗ ਨਾਲ ਚਲਾਉਣ ਲਈ ਉਹ ਨਵੇਂ ਵਾਈਸ-ਚਾਂਸਲਰ ਡਾ. ਅਰਵਿੰਦ ਨੂੰ ਪੂਰਾ ਸਹਿਯੋਗ ਦੇਣਗੇ।
ਪੰਜਾਬੀ ਯੂਨੀਵਰਸਿਟੀ ਦੇ ਨਵੇਂ ਨਿਯੁਕਤ ਕੀਤੇ ਗਏ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਅੱਜ ਵੀ ਆਪਣਾ ਪਦ ਭਾਰ ਨਹੀ ਸੰਭਾਲਿਆ। ਭਾਵੇਂ ਯੂਨੀਵਰਸਿਟੀ ਪ੍ਰਸ਼ਾਸਨ ਨੇ ਬਾਅਦ ਦੁਪਹਿਰ ਤੱਕ ਵਾਈਸ ਚਾਂਸਲਰ ਦੀ ਉਡੀਕ ਕੀਤੀ ਪਰ ਦੱਸਿਆ ਜਾ ਰਿਹਾ ਹੈ ਕਿ ਪ੍ਰੋ. ਅਰਵਿੰਦ ਅੱਜ ਪਿਛਲੀ ਵਿਦਿਅਕ ਸੰਸਥਾ ਆਈਆਈਐੱਸਈਆਰ ਮੁਹਾਲੀ ’ਚ ਮਸ਼ਰੂਫ ਰਹੇ ਤੇ ਉਥੋਂ ਫਾਰਗ ਹੋਣ ਮਗਰੋਂ ਭਲਕੇ ਜਾਂ ਸੋਮਵਾਰ ਨੂੰ ਪੰਜਾਬੀ ਯੂਨੀਵਰਸਿਟੀ ਦੀ ਵਾਗਡੋਰ ਸੰਭਾਲਣਗੇ।