ਪੱਤਰ ਪ੍ਰੇਰਕ
ਰਾਜਪੁਰਾ, 9 ਅਗਸਤ
ਇਸ ਖੇਤਰ ਵਿੱਚੋਂ ਗੁਜ਼ਰਦੇ ਰਾਜਪੁਰਾ-ਸਰਹਿੰਦ ਕੌਮੀ ਮਾਰਗ ’ਤੇ ਪੈਂਦੇ ਅੱਡਾ ਬਸੰਤਪੁਰਾ ਦੇ ਦੁਕਾਨਦਾਰਾਂ ਵੱਲੋਂ ਪੁਲੀਸ ਦੁਆਰਾ ਚੋਰਾਂ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਸੜਕੀ ਆਵਾਜਾਈ ਠੱਪ ਕਰਕੇ ਰੋਸ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਪੁਲੀਸ ਪ੍ਰਸ਼ਾਸ਼ਨ ਖਿਲਾਫ ਨਾਅਰੇਬਾਜੀ ਕੀਤੀ ਗਈ। ਧਰਨਾਕਾਰੀਆਂ ਦੀ ਅਗਵਾਈ ਕਰ ਰਹੇ ਦੁਕਾਨਦਾਰ ਮਨਦੀਪ ਸਿੰਘ, ਪਰਮਜੀਤ ਸਿੰਘ, ਨਰਿੰਦਰ ਸਿੰਘ, ਮਹਿੰਦਰ ਕੁਮਾਰ, ਨਿਰਮਲ ਸਿੰਘ ਵਾਸੀ ਪਿੰਡ ਪੋਲਾ, ਲਵਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਪਿਛਲੇ ਕੁਝ ਦਿਨਾਂ ਦੌਰਾਨ ਬੱਸ ਅੱਡਾ ਬਸੰਤਪੁਰਾ ਦੇ ਕਈ ਦੁਕਾਨਦਾਰਾਂ ਦੀਆਂ ਦੁਕਾਨਾਂ ਵਿੱਚੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ। ਇਸ ਸਬੰਧੀ ਉਨ੍ਹਾਂ ਵੱਲੋਂ ਬਸੰਤਪੁਰਾ ਦੀ ਪੁਲੀਸ ਚੌਂਕੀ ਵਿੱਚ ਸ਼ਿਕਾਇਤ ਕਰਨ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਹੋਈ। ਪੁਲੀਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚੋਰਾਂ ਦੇ ਹੌਸਲੇ ਬੁਲੰਦ ਹਨ। ਜਦੋਂ ਕਿ ਦੁਕਾਨਦਾਰ ਪ੍ਰੇਸ਼ਾਨ ਹਨ। ਉਹ ਮੰਗ ਕਰ ਰਹੇ ਸਨ ਕਿ ਚੋਰਾਂ ਖਿਲਾਫ ਕੇਸ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਦੁਕਾਨਦਾਰਾਂ ਦੇ ਧਰਨੇ ਕਾਰਨ ਕੌਮੀ ਸ਼ਾਹ ਮਾਰਗ ’ਤੇ ਸੜਕ ਆਵਾਜਾਈ ਵੀ ਪ੍ਰਭਾਵਿਤ ਹੋਈ। ਮੌਕੇ ’ਤੇ ਪੁੱਜੇ ਡੀਐਸਪੀ ਸੁਰਿੰਦਰ ਮੋਹਨ ਵੱਲੋਂ ਧਰਨਾਕਾਰੀਆਂ ਨੂੰ ਚੋਰਾਂ ਖਿਲਾਫ ਕਾਰਵਾਈ ਦਾ ਵਿਸ਼ਵਾਸ ਦਿੱਤੇ ਜਾਣ ’ਤੇ ਧਰਨਾ ਚੁੱਕਿਆ ਗਿਆ।