ਖੇਤਰੀ ਪ੍ਰਤੀਨਿਧ
ਪਟਿਆਲਾ, 22 ਨਵੰਬਰ
ਦਸ ਜਥੇਬੰਦੀਆਂ ਦੀ ਨੁਮਾਇੰਦਾ ‘ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ’ ਦੇ ਸੱਦੇ ’ਤੇ ਵੱਡੀ ਗਿਣਤੀ ਬਿਜਲੀ ਕਾਮਿਆਂ ਨੇ ਅੱਜ ਸੱਤਵੇਂ ਦਿਨ ਵੀ ਪਾਵਰਕੌਮ ਦਫਤਰ ਦੇ ਤਿੰਨੋਂ ਗੇਟ ਬੰਦ ਕਰ ਕੇ ਰੋਸ ਪ੍ਰਦਰਸ਼ਨ ਕੀਤਾ।
ਫੋਰਮ ਦੇ ਸੱਦੇ ’ਤੇ ਪੰਜਾਬ ਦੇ ਸਮੁੱਚੇ ਬਿਜਲੀ ਦਫਤਰਾਂ ਅੱਗੇ ਵੀ ਰੋਸ ਰੈਲੀਆਂ ਕੀਤੀਆਂ ਗਈਆਂ, ਜਿਸ ਕਾਰਨ ਬਿਜਲੀ ਦਫਤਰਾਂ ਦਾ ਕੰਮਕਾਜ ਠੱਪ ਰਿਹਾ। ਇਹ ਮੁਲਾਜ਼ਮ 15 ਨਵੰਬਰ ਤੋਂ ਸਮੂਹਿਕ ਛੁੱਟੀ ਲੈ ਕੇ ਧਰਨੇ ਦੇ ਰਹੇ ਹਨ, ਜੋ 26 ਨਵੰਬਰ ਤੱਕ ਜਾਰੀ ਰਹਿਣਗੇ।
ਮੁਲਾਜ਼ਮਾਂ ਦੇ ਇਨ੍ਹਾਂ ਧਰਨਿਆਂ ਕਾਰਨ ਸਬ-ਸਟੇਸ਼ਨਾਂ ’ਤੇ ਬਿਜਲੀ ਸਪਲਾਈ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ। ਫੋਰਮ ਵਿਚਲੀਆਂ ਦਸ ਜਥੇਬੰਦੀਆਂ ਤੋਂ ਇਲਾਵਾ ਚਾਰ ਭਰਾਤਰੀ ਜਥੇਬੰਦੀਆਂ ਵੀ ਫੋਰਮ ਦੀ ਹਮਾਇਤ ’ਤੇ ਹਨ। ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਕਰਮਚੰਦ ਭਾਰਦਵਾਜ, ਕੁਲਦੀਪ ਖੰਨਾ, ਜਗਰੂਪ ਮਹਿਮਦਪੁਰ, ਬਲਦੇਵ ਮੰਢਾਲੀ, ਕੌਰ ਸਿੰਘ, ਹਰਪਾਲ ਸਿੰਘ ਅਤੇ ਰਾਮ ਲੁਭਾਇਆ ਨੇ ਕਿਹਾ ਕਿ ਮੈਨੇਜਮੈਂਟ ਮੁਲਾਜ਼ਮਾਂ ਦੇ ਸਕੇਲ ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਤੈਅ ਕਰਨ ਤੋਂ ਬਿਨਾਂ ਹੀ ਇਕਤਰਫਾ ਸਰਕੁਲਰ ਜਾਰੀ ਕਰ ਕੇ ਮੁਲਾਜ਼ਮਾਂ ਨਾਲ ਧੋਖਾ ਕਰ ਰਹੀ ਹੈ। ਤਨਖਾਹਾਂ ਵਿੱਚ ਵਾਧੇ ਦੀ ਥਾਂ ਘਾਟਾ ਪਵੇਗਾ।
ਉਨ੍ਹਾਂ ਦੱਸਿਆ ਕਿ ਬਿਜਲੀ ਕਾਮੇ ਪੇਅ ਬੈਂਡ ਵਿੱਚ ਵਾਧਾ ਅਤੇ ਹੋਰ ਮੰਗਾਂ ਮੰਨੀਆਂ ਜਾਣ ਤਕ ਆਰ-ਪਾਰ ਦਾ ਸੰਘਰਸ਼ ਕਰਨਗੇ। ਦੋ ਦਸੰਬਰ ਨੂੰ ਮੁੱਖ ਮੰਤਰੀ ਦੀ ਮੋਰਿੰਡਾ ਸਥਿਤ ਰਿਹਾਇਸ਼ ਅੱਗੇ ਧਰਨੇ ਮਗਰੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।