ਨਿੱਜੀ ਪੱਤਰ ਪ੍ਰੇਰਕ
ਸਮਾਣਾ, 10 ਦਸੰਬਰ
ਪੰਜਾਬ ਸਰਕਾਰ ਵਲੋਂ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਸਟਾਫ ਦੀਆਂ ਜਾਇਜ਼ ਮੰਗਾਂ ਨਾ ਮੰਨੇ ਜਾਣ ਕਾਰਨ ਪਬਲਿਕ ਕਾਲਜ ਸਮਾਣਾ ਦੇ ਨਾਨ-ਟੀਚਿੰਗ ਸਟਾਫ ਵਲੋਂ ਅੱਜ ਕਾਲਜ ਦੇ ਮੇਨ ਗੇਟ ’ਤੇ ਧਰਨਾ ਲਗਾਇਆ ਗਿਆ। ਨਾਨ ਟੀਚਿੰਗ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀਆਂ ਲੰਮੇ ਸਮੇਂ ਤੋਂ ਮੰਗਾਂ ਜਿਨ੍ਹਾਂ ਵਿਚ ਏਡਿਡ ਕਾਲਜਾਂ ਦੇ ਨਾਨ-ਟੀਚਿੰਗ ਕਰਮਚਾਰੀਆਂ ਨੂੰ 1-12-2011 ਤੋਂ ਸੋਧੇ ਹੋਏ ਗ੍ਰੇਡ-ਪੇ ਦੀ ਨੋਟੀਫਿਕੇਸ਼ਨ ਜਾਰੀ ਕਰਨਾ, 01-08-2009 ਤੋਂ ਵਧੀ ਹੋਈ ਦਰ ਨਾਲ ਮਕਾਨ ਕਿਰਾਇਆ ਭੱਤਾ ਅਤੇ ਮੈਡੀਕਲ ਭੱਤਾ 350 ਰੁਪਏ ਤੋਂ ਵਧਾ ਕੇ 500 ਰੁਪਏ ਦੀ ਨੋਟੀਫਿਕੇਸ਼ਨ ਜਾਰੀ ਕਰਨਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਇਹ ਲਾਭ ਏਡਿਡ ਕਾਲਜਾਂ ਵਿਚ ਕੰਮ ਕਰਦੇ ਟੀਚਿੰਗ ਅਮਲੇ ਨੂੰ ਦਿੱਤੇ ਗਏ ਹਨ। ਇਸ ਤੋਂ ਇਲਾਵਾ ਡੀ.ਏ. ਦੀ ਬਕਾਇਆ ਰਾਸ਼ੀ ਦਾ ਨੋਟੀਫਿਕੇਸ਼ਨ ਜਾਰੀ ਕਰਨਾ, ਏਡਿਡ ਕਾਲਜ ਦੀਆਂ ਨਾਨ-ਟੀਚਿੰਗ ਦੀਆਂ ਖਾਲੀ ਅਸਾਮੀਆਂ ਭਰਨ ’ਤੇ ਲੱਗੀ ਰੋਕ ਹਟਾਉਣਾ ਦੀ ਵੀ ਮੰਗ ਕੀਤੀ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਛੇਤੀ ਹੀ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਬੁੱਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਦੀ ਰਿਹਾਈ ਮੰਗੀ
ਸਮਾਣਾ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਪਬਲਿਕ ਕਾਲਜ ਸਮਾਣਾ ਨੂੰ ਸਰਕਾਰੀ ਕਾਲਜ ਦਾ ਦਰਜਾ ਦਿਵਾਉਣ ਲਈ ਚੱਲ ਰਹੇ ਪੱਕੇ ਮੋਰਚੇ ਅੰਦਰ ਕੌਮਾਂਤਰੀ ਮਨੱਖੀ ਅਧਿਕਾਰ ਦਿਵਸ ਨੂੰ ਮਨਾਉਂਦੇ ਹੋਏ ਸਜ਼ਾ ਭੁਗਤ ਰਹੇ ਸਿਆਸੀ ਕੈਦੀਆਂ ਤੇ ਹੋਰ ਬੁਧੀਜੀਵੀਆਂ, ਲੇਖਕਾਂ ਤੇ ਪੱਤਰਕਾਰਾਂ ਦੀ ਰਿਹਾਈ ਦੀ ਮੰਗ ਕੀਤੀ ਗਈ। ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹਾ ਸਕੱਤਰ ਖੁਸ਼ਿਵੰਦਰ ਰਵੀ ਨੇ ਕਿਹਾ ਕਿ ਮੋਦੀ ਹਕੂਮਤ ਦੌਰਾਨ ਕਈ ਬੁਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ’ਤੇ ਝੂਠੇ ਮੁਕੱਦਮੇ ਦਰਜ ਕਰ ਕੇ ਜੇਲ੍ਹਾਂ ਵਿਚ ਬੇਵਜ੍ਹਾ ਬੰਦ ਕੀਤਾ ਗਿਆ ਹੈ ਤਾਂ ਜੋ ਹਰ ਵਿਰੋਧ ਦੀ ਆਵਾਜ਼ ਦਬਾਈ ਜਾ ਸਕੇ। ਆਗੂਆਂ ਨੇ ਸਿਆਸੀ ਕੈਦੀ ਜੋ ਸਜ਼ਾ ਭੁਗਤ ਰਹੇ ਹਨ ਤੇ ਜੋ ਝੂਠੇ ਕੇਸਾਂ ਵਿਚ ਫਸਾ ਕੇ ਜੇਲ੍ਹਾਂ ਵਿਚ ਬੰਦ ਕੀਤੇ ਗਏ ਹਨ, ਤੁਰੰਤ ਰਿਹਾਅ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪੀਐੱਸਯੂ ਦੇ ਜ਼ਿਲ੍ਹਾ ਆਗੂ ਅਕਸ਼ੇ ਘੱਗਾ, ਇਕਾਈ ਪ੍ਰਧਾਨ ਸ਼ੈਟੀ ਟੋਡਰਪੁਰ, ਮੀਤ ਪ੍ਰਧਾਨ ਅਮਨ ਦਫਤਰੀਵਾਲਾ ਟਵਿੰਕਲ ਦੇਧਨਾ, ਨੇਹਾ ਦੇਧਨਾ, ਰੋਹਿਤ ਦੇਧਨਾ, ਸੰਦੀਪ ਦਫਤਰੀਵਾਲਾ, ਸੁਖਵਿੰਦਰ ਕੌਰ, ਰਸ਼ਪਿੰਦਰ ਕੌਰ, ਮਨੀ ਰੇਤਗੜ੍ਹ ਆਦਿ ਹਾਜ਼ਰ ਰਹੇ।