ਗੁਰਪ੍ਰੀਤ ਸਿੰਘ
ਘਨੌਰ, 23 ਜੂਨ
ਇੱਥੋਂ ਨੇੜਲੇ ਪਿੰਡ ਮਹਿਦੂਦਾਂ ਤੋਂ ਲੰਘਦੇ ਘਨੌਰ ਸਬ-ਮਾਈਨਰ ਪੱਕੇ ਰਜਵਾਹੇ ਹੇਠੋਂ ਬਰਸਾਤੀ ਪਾਣੀ ਦੇ ਨਿਕਾਸ ਲਈ ਸਾਈਫਨ ਬਣਾਉਣ ਦੀ ਮੰਗ ਲਈ ਪਿੰਡ ਵਾਸੀਆਂ ਵੱਲੋਂ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਿੱਟੂ, ਸਾਧੂ ਸਿੰਘ ਲਾਛੜੂ, ਦਵਿੰਦਰ ਸਿੰਘ, ਸੁਖਵੰਤ ਹੈਪੀ, ਗੁਰਵਿੰਦਰ ਸਿੰਘ, ਅਰਵਿੰਦਰ ਸਿੰਘ ਅਤੇ ਨਰਿੰਦਰ ਸਿੰਘ ਸਮੇਤ ਹੋਰਨਾਂ ਦੀ ਸਾਂਝੀ ਅਗਵਾਈ ਹੇਠ ਜਲ ਸਰੋਤ ਵਿਭਾਗ ਦੇ ਸਿੰਜਾਈ ਵਿੰਗ ਦੇ ਅਧਿਕਾਰੀਆਂ ਖਿਲਾਫ਼ ਧਰਨਾ ਦਿੱਤਾ ਗਿਆ। ਧਰਨਾਕਾਰੀਆਂ ਵੱਲੋਂ ਅਧਿਕਾਰੀਆਂ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਪਿੰਡ ਦੀ ਸਰਪੰਚ ਬਲਜੀਤ ਕੌਰ ਦੇ ਪਤੀ ਤੇ ਸਾਬਕਾ ਸਰਪੰਚ ਇੰਦਰਜੀਤ ਸਿੰਘ ਬਿੱਟੂ ਸਮੇਤ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਨੇੜਿਓਂ ਘਨੌਰ ਸਬ-ਮਾਈਨਰ ਰਜਵਾਹਾ ਲੰਘਦਾ ਹੈ ਜੋ ਘਨੌਰ, ਮਹਿਦੂਦਾਂ, ਘਨੌਰੀ ਖੇੜਾ ਤੇ ਮੰਜੌਲੀ ਵੱਲ ਜਾਂਦਾ ਹੈ। ਇਹ ਰਜਵਾਹਾ ਪੱਕਾ ਹੈ ਅਤੇ 5-6 ਫੁੱਟ ਉੱਚਾ ਹੈ ਪਰ ਸਬੰਧਤ ਵਿਭਾਗ ਵੱਲੋਂ ਰਜਵਾਹੇ ਹੇਠੋਂ ਬਰਸਾਤੀ ਪਾਣੀ ਦੇ ਨਿਕਾਸੀ ਲਈ ਕੋਈ ਪੁਲੀ ਜਾਂ ਸਾਈਫਨ ਨਹੀਂ ਬਣਾਇਆ ਗਿਆ, ਜਿਸ ਕਾਰਨ ਨਰਵਾਣਾ ਨਹਿਰ ਦੇ ਲਾਛੜੂ ਖੁਰਦ ਅਤੇ ਬਘੌਰਾ ਸਾਈਫਨਾਂ ਵਿੱਚੋਂ ਲੰਘ ਕੇ ਆਉਂਦੇ ਵੱਡੀ ਮਾਤਰਾ ਵਿੱਚ ਬਰਸਾਤੀ ਪਾਣੀ ਦਾ ਮਹਿਦੂਦਾਂ ਨੇੜਿਓਂ ਨਿਕਾਸ ਨਾ ਹੋਣ ਕਾਰਨ ਕਿਸਾਨਾਂ ਦੀ ਫ਼ਸਲਾਂ ਨੁਕਸਾਨੀਆਂ ਜਾਂਦੀਆਂ ਹਨ।
ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਕਈ ਮਹੀਨੇ ਤੋਂ ਜਲ ਸਰੋਤ ਵਿਭਾਗ ਦੇ ਸਿੰਜਾਈ ਵਿੰਗ ਅਧਿਕਾਰੀਆਂ ਪਾਸੋਂ ਪੱਕੇ ਰਜਵਾਹੇ ਹੇਠੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਸਾਈਫਨ ਜਾਂ ਪੁਲੀ ਲਗਾਉਣ ਦੀ ਮੰਗ ਕਰ ਰਹੇ ਸਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਸ ਰਜਵਾਹੇ ਵਿੱਚ ਬਰਸਾਤੀ ਪਾਣੀ ਦੇ ਨਿਕਾਸ ਲਈ ਸਾਈਫਨ ਨਹੀਂ ਬਣਦਾ, ਉਦੋਂ ਤੱਕ ਉਹ ਧਰਨਾ ਜਾਰੀ ਰੱਖਣਗੇ।
ਸਾਈਫਨ ਬਣਾਉਣ ਲਈ ਗ੍ਰਾਮ ਸਭਾ ਦਾ ਮਤਾ ਮੰਗਿਆ ਗਿਐ: ਐੱਸਡੀਓ
ਜਲ ਸਰੋਤ ਵਿਭਾਗ ਦੇ ਸਿੰਚਾਈ ਵਿੰਗ ਦੇ ਐੱਸਡੀਓ ਜਗਮੀਤ ਸਦਾਨਾ ਦਾ ਕਹਿਣਾ ਹੈ ਕਿ ਸਾਈਫਨ ਬਣਾਉਣ ਵਾਸਤੇ ਪਿੰਡ ਦੀ ਪੰਚਾਇਤ ਤੋਂ ਗ੍ਰਾਮ ਸਭਾ ਦਾ ਮਤਾ ਮੰਗਿਆ ਗਿਆ ਹੈ। ਮਤਾ ਮਿਲਣ ’ਤੇ ਉਹ ਡਰੇਨਜ਼ ਵਿਭਾਗ ਨੂੰ ਸਾਈਫਨ ਲਗਾਉਣ ਲਈ ਪ੍ਰਵਾਨਗੀ ਵਾਸਤੇ ਪੱਤਰ ਲਿਖਣਗੇ।