ਪੱਤਰ ਪ੍ਰੇਰਕ
ਪਾਤੜਾਂ, 18 ਮਈ
ਪਿੰਡ ਅਰਨੋ ਦੇ ਆਬਾਦਕਾਰਾਂ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਪੰਚਾਇਤ ਵਿਭਾਗ ਪ੍ਰਸ਼ਾਸਨ ਦੇ ਸਹਿਯੋਗ ਨਾਲ ਕਬਜ਼ਾ ਕਾਰਵਾਈ ਨੂੰ ਅੰਜਾਮ ਦੇਣ ਲਈ ਬਿਨਾਂ ਦੱਸੇ ਅੱਜ ਆ ਰਿਹਾ ਹੈ। ਅਬਾਦਕਾਰਾਂ ਨੇ ਤੁਰੰਤ ਕਿਸਾਨ ਜਥੇਬੰਦੀਆਂ ਨਾਲ ਸੰਪਰਕ ਕੀਤਾ ਤੇ ਭਾਰੀ ਇਕੱਠ ਕਰਕੇ ਪੰਜਾਬ ਸਰਕਾਰ ਅਤੇ ਪੰਚਾਇਤ ਵਿਭਾਗ ਦੇ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਇਸੇ ਦੌਰਾਨ ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਪੰਜ ਵਜੇ ਤੱਕ ਪੰਚਾਇਤ ਵਿਭਾਗ ਤੇ ਪ੍ਰਸ਼ਾਸਨ ਦੇ ਆਉਣ ਦੀ ਉਡੀਕ ਕਰਦੇ ਰਹੇ ਪਰ ਕੋਈ ਨਾ ਬਹੁੜਿਆ। ਪ੍ਰਦਰਸ਼ਨਕਾਰੀਆਂ ਨੇ ਪ੍ਰਸ਼ਾਸਨ ਦੀ ਹਰ ਕਾਰਵਾਈ ਉੱਤੇ ਬਾਜ਼ ਅੱਖ ਰੱਖਣ ਦਾ ਐਲਾਨ ਕੀਤਾ। ਦੂਸਰੇ ਪਾਸੇ ਤਹਿਸੀਲਦਾਰ ਰਾਮ ਲਾਲ ਨੇ ਅਜਿਹੀ ਕਿਸੇ ਵੀ ਮਨਸ਼ਾ ਤੋਂ ਇਨਕਾਰ ਕਰਦਿਆਂ ਜਥੇਬੰਦੀਆਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਵੱਲੋਂ ਰਘਬੀਰ ਸਿੰਘ ਨਿਆਲ, ਸਰਪੰਚ ਪਰਮਜੀਤ ਸਿੰਘ, ਹਰਭਜਨ ਸਿੰਘ ਧਹੂੜ, ਸੁਖਦੇਵ ਸਿੰਘ ਹਰਿਆਓ, ਸੁਖਵਿੰਦਰ ਸਿੰਘ, ਹਰਨੇਕ ਸਿੰਘ ਅਰਨੋ, ਧਿਆਨ ਸਿੰਘ, ਅਜੀਤ ਸਿੰਘ, ਗੁਰਪ੍ਰੀਤ ਸਿੰਘ, ਜੀਤ ਸਿੰਘ, ਸੁਖਜਿੰਦਰ ਸਿੰਘ ਨੇ ਕਿਹਾ ਹੈ ਕਿ ਪਿੰਡ ਅਰਨੋ ਦੇ ਆਬਾਦਕਾਰਾਂ ਦੀ ਜ਼ਮੀਨ ਨੂੰ ਬਚਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਸੰਘਰਸ਼ ਲੜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਅੱਜ ਸੂਚਨਾ ਮਿਲੀ ਕਿ ਪੰਚਾਇਤ ਵਿਭਾਗ ਪ੍ਰਸ਼ਾਸਨ ਦੀ ਮਦਦ ਨਾਲ ਆਬਾਦਕਾਰਾਂ ਨੂੰ ਉਜਾੜਨ ਲਈ ਆ ਰਿਹਾ ਹੈ। ਉਨ੍ਹਾਂ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਚਾਇਤ ਵਿਭਾਗ ਤੇ ਪ੍ਰਸ਼ਾਸਨ ਦੀ ਹਰ ਕਾਰਵਾਈ ਉੱਤੇ ਤਿੱਖੀ ਨਜ਼ਰ ਰੱਖਣ ਤਾਂ ਕਿ ਕਿਸਾਨ ਜਥੇਬੰਦੀਆਂ ਮੌਕੇ ਤੇ ਪਹੁੰਚ ਕੇ ਪੰਚਾਇਤ ਵਿਭਾਗ ਦੀ ਹਰ ਕੋਸ਼ਿਸ਼ ਨੂੰ ਅਸਫਲ ਬਣਾ ਸਕਣ।
ਨਾਇਬ ਤਹਿਸੀਲਦਾਰ ਵੱਲੋਂ ਕਿਸਾਨਾਂ ਨੂੰ ਅਫ਼ਵਾਹਾਂ ਤੋਂ ਸੁਚੇਤ ਰਹਿਣ ਦੀ ਅਪੀਲ
ਨਾਇਬ ਤਹਿਸੀਲਦਾਰ ਪਾਤੜਾਂ ਰਾਮ ਲਾਲ ਨੇ ਕਿਹਾ ਹੈ ਕਿ ਪੰਚਾਇਤ ਵਿਭਾਗ ਤੇ ਪ੍ਰਸ਼ਾਸਨ ਵੱਲੋਂ ਬਿਨਾਂ ਨੋਟਿਸ ਦਿੱਤੇ ਅਰਨੋ ਜਾਣ ਦਾ ਕੋਈ ਪ੍ਰੋਗਰਾਮ ਨਹੀਂ ਸੀ। ਕਿਸੇ ਵਿਅਕਤੀ ਵਲੋਂ ਅਫਵਾਹ ਫੈਲਾਈ ਹੋ ਸਕਦੀ ਹੈ ਉਨ੍ਹਾਂ ਕਿਸਾਨ ਜਥੇਬੰਦੀਆਂ ਨੂੰ ਕਿਹਾ ਕਿ ਉਹ ਅਜਿਹੀਆਂ ਅਫਵਾਹਾਂ ਤੋਂ ਸੁਚੇਤ ਰਹਿਣ।