ਰਾਜਪੁਰਾ (ਪੱਤਰ ਪ੍ਰੇਰਕ): ਇੱਥੇ ਅੱਜ ਉਜਾੜਾ ਰੋਕੂ ਸੰਘਰਸ਼ ਕਮੇਟੀ ਵੱਲੋਂ ਸਰਕਾਰ ਵੱਲੋਂ 28 ਸਾਲ ਪਹਿਲਾਂ ਕਾਰਪੋਰੇਟ ਘਰਾਣੇ ਲਈ ਐਕੁਆਇਰ ਕੀਤੀ ਗਈ 1119 ਏਕੜ ਜ਼ਮੀਨ ਵਿੱਚੋਂ ਅਣਵਰਤੀ 533 ਏਕੜ ਜ਼ਮੀਨ ਵਾਪਸੀ ਦੀ ਮੰਗ ਲਈ ਟਾਊਨ ਦੇ ਫੁਆਰਾ ਚੌਕ ਵਿੱਚ ਅੱਜ 7ਵੇਂ ਦਿਨ ਵੀ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦੇ ਆਗੂਆਂ ਹਰਜੀਤ ਸਿੰਘ, ਹਰਨੇਕ ਸਿੰਘ, ਅਮਨਦੀਪ ਸਿੰਘ, ਲਸ਼ਕਰ ਸਿੰਘ, ਪਰਗਟ ਸਿੰਘ, ਨਰਿੰਦਰ ਕੌਰ, ਸੁਰਿੰਦਰ ਕੌਰ, ਸੋਨੀਆ, ਰਿੱਤੂ ਸੈਣੀ, ਕਰਮ ਸਿੰਘ, ਰਜਿੰਦਰ ਸਿੰਘ, ਜੋਧ ਸਿੰਘ, ਕਰਮ ਸਿੰਘ ਅਤੇ ਹਰਬੰਸ ਲਾਲ ਨੇ ਆਦਿ ਨੇ ਹੱਥਾਂ ਵਿੱਚ ਤਖ਼ਤੀਆਂ ਫੜ ਕੇ ਵੱਖੋ ਵੱਖ ਨਾਅਰਿਆਂ ਨਾਲ ਜ਼ਮੀਨ ਵਾਪਸ ਕਰਨ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਹ ਅਣਵਰਤੀ ਜ਼ਮੀਨ ਵਾਪਸੀ ਦੀ ਮੰਗ ਲਈ ਢਾਈ ਦਹਾਕਿਆਂ ਤੋਂ ਸੰਘਰਸ਼ ਕਰ ਰਹੇ ਹਨ ਪਰ ਕਿਸੇ ਵੀ ਸਰਕਾਰ ਵੱਲੋਂ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਗਈ। ਇਸ ਕਾਰਨ ਕਿਸਾਨਾਂ ਵਿੱਚ ਤਿੱਖਾ ਰੋਸ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਅਣਵਰਤੀ ਜ਼ਮੀਨ ਵਾਪਸ ਕੀਤੀ ਜਾਵੇ।