ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 25 ਅਪਰੈਲ
ਇੱਥੇ ਸੀਪੀਐੱਮ ਦੀ ਅਗਵਾਈ ਹੇਠ ਅੱਜ ਤਹਿਸੀਲਦਾਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ।
ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾਈ ਆਗੂ ਭੂਪ ਚੰਦ ਚੰਨੋਂ ਨੇ ਦੋਸ਼ ਲਗਾਇਆ ਕਿ ਤਹਿਸੀਲ ਦਫਤਰ ਰਿਸ਼ਵਤਖੋਰੀ ਦਾ ਅੱਡਾ ਬਣ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਇੱਥੇ ਕੋਈ ਵੀ ਕੰਮ ਰਿਸ਼ਵਤ ਲਏ ਬਿਨਾਂ ਨਹੀਂ ਕੀਤਾ ਜਾਂਦਾ। ਉਨ੍ਹਾਂ ਦੱਸਿਆ ਕਿ ਪਿੰਡ ਨੂਰਪੁਰਾ ਦੇ ਸਾਬਕਾ ਸਰਪੰਚ ਦਵਿੰਦਰ ਸਿੰਘ ਦੀ ਜ਼ਮੀਨ ਦੀ ਗਿਰਦਾਵਰੀ ਬਿਨਾਂ ਕਿਸੇ ਤਕਨੀਕੀ ਨੁਕਸ ਤੋਂ ਹੀ ਲੰਬੇ ਸਮੇਂ ਤੋਂ ਰੋਕ ਰੱਖੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨੂਰਪੁਰਾ ਦੇ ਕਿਸਾਨ ਦਾ ਕੰਮ 29 ਅਪਰੈਲ ਤੱਕ ਨਾ ਕੀਤਾ ਗਿਆ ਤਾਂ ਨਾਇਬ ਤਹਿਸੀਲਦਾਰ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ। ਇਸੇ ਦੌਰਾਨ ਨਾਇਬ ਤਹਿਸੀਲਦਾਰ ਰਾਕੇਸ਼ ਕੁਮਾਰ ਆਹੂਜਾ ਨੇ ਧਰਨੇ ਵਿੱਚ ਪਹੁੰਚ ਕੇ ਕਿਸਾਨ ਦਾ ਕੰਮ ਜਲਦੀ ਕਰਨ ਦਾ ਭਰੋਸਾ ਦਿੱਤਾ।