ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 30 ਜੁਲਾਈ
ਪੰਜਾਬੀ ਯੂਨੀਵਰਸਿਟੀ ’ਚ ਡੀਨ ਅਕਾਦਮਿਕ ਤੇ ਰਜਿਸਟਰਾਰ ਦੇ ਦਫ਼ਤਰ ਅੱਗੇ ਅੱਜ ਪੰਜਾਬੀ ਯੂਨੀਵਰਸਿਟੀ ਏ ਕਲਾਸ ਅਫਸਰ ਐਸੋਸੀਏਸ਼ਨ ਵੱਲੋਂ ਜਥੇਬੰਦੀ ਦੀਆਂ ਲਮਕਦੀਆਂ ਮੰਗਾਂ ਤੇ ਹੋਰ ਮਸਲਿਆਂ ਦੇ ਹੱਕ ’ਚ ਰੋਸ ਧਰਨਾ ਦਿੱਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਡਾ. ਦਲਬੀਰ ਸਿੰਘ ਰੰਧਾਵਾ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਮੁਲਾਜ਼ਮਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਸੰਜੀਦਾ ਨਹੀਂ ਤੇ ਨਾ ਹੀ ਪੰਜਾਬ ਸਰਕਾਰ ਯੂਨੀਵਰਸਿਟੀ ਨੂੰ ਵਿੱਤੀ ਤੰਗੀ ’ਚੋਂ ਬਾਹਰ ਆਉਣ ਲਈ ਮੋਟੀ ਗ੍ਰਾਂਟ ਹੀ ਜਾਰੀ ਕਰ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਵਿੱਤੀ ਹਾਲਤ ਸੁਧਾਰਨ ਲਈ ਯੂਨੀਵਰਸਿਟੀ ਨੂੰ ਤੁਰੰਤ 500 ਕਰੋੜ ਦੀ ਵਿਸ਼ੇਸ਼ ਗ੍ਰਾਂਟ ਦੀ ਲੋੜ ਹੈ। ਉਨ੍ਹਾਂ ਮਸਲਿਆਂ ਦੇ ਹੱਲ ਲਈ ਤੁਰੰਤ ਸਿੰਡੀਕੇਟ ਦੀ ਬੈਠਕ ਸੱਦਣ ਦੀ ਵੀ ਮੰਗ ਕੀਤੀ। ਉਨ੍ਹਾਂ ਐਲਾਨ ਕੀਤਾ ਕਿ ਮਸਲੇ ਹੱਲ ਨਾ ਹੋਣ ਤੱਕ ਐਸੋਸੀਏਸ਼ਨ ਰੋਸ ਪ੍ਰੋਗਰਾਮਾਂ ਨੂੰ ਸਮੇਂ ਸਮੇਂ ਜਾਰੀ ਰੱਖੇਗੀ। ਇਸ ਮੌਕੇ ਧਰਨੇ ਨੂੰ ਡੀ.ਆਰ. ਸੇਵਾ ਸਿੰਘ ਨੇ ਵੀ ਵਿਚਾਰ ਪ੍ਰਗਟਾਏ। ਇਸ ਮੌਕੇ ਡਾ. ਸਾਹਿਬ ਸਰਤਾਜ ਸਿੰਘ, ਪਵਨਦੀਪ ਸਿੰਘ (ਸੈਕਰੈਟਰੀ), ਵਰਿੰਦਰ ਕੁਮਾਰ (ਖਜ਼ਾਨਚੀ), ਗਿਆਨ ਸਿੰਘ (ਜੁਆਇੰਟ ਸੈਕਰੈਟਰੀ), ਹਰਦੀਪ ਕੌਰ, ਰਾਜੇਸ਼ ਕੁਮਾਰ, ਮਨਪ੍ਰੀਤ ਸਿੰਘ ਬੁੜੈਲ (ਮੈਂਬਰ), ਰਮੇਸ਼ ਕੁਮਾਰ, ਕਲੀਮ ਅਹਿਮਦ, ਪੱਪੂ ਸਿੰਘ (ਏ.ਆਰ.), ਲਾਭ ਸਿੰਘ, ਤੇਜਪਾਲ ਸਿੰਘ, ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਆਦਿ ਸ਼ਾਮਲ ਹੋਏ।