ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 30 ਜਨਵਰੀ
ਕਰੋਨਾਵਾਇਰਸ ਕਾਰਨ ਬੰਦ ਕੀਤੇ ਹੋਏ ਸਕੂਲਾਂ ਨੂੰ ਖੋਲ੍ਹਣ ਦੀ ਮੰਗ ਲਈ ਮਾਪਿਆਂ ਤੇ ਬੱਚਿਆਂ ਵੱਲੋਂ ਇੱਥੋਂ ਦੇ ਫੁਆਰਾ ਚੌਕ ’ਤੇ ਲਗਾਏ ਜਾ ਰਹੇ ਸ਼ਾਂਤਮਈ ਧਰਨਾ ਅੱਜ ਤੀਜੇ ਦਿਨ ਵਿੱਚ ਦਾਖਲ ਹੋ ਗਿਆ ਹੈ।
ਧਰਨੇ ਵਿੱਚ ਪੈਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਧਮੌਲੀ ਅਤੇ ਹੋਰ ਮੈਂਬਰਾਂ ਨੇ ਹਿੱਸਾ ਲਿਆ। ਇਸ ਮੌਕੇ ਸ੍ਰੀ ਧਮੋਲੀ, ਦਲਿਤ ਨੇਤਾ ਸੁਖਜਿੰਦਰ ਸੁੱਖੀ, ਬਿਕਰਮ ਸਿੰਘ, ਬੰਟੀ ਖ਼ਾਨਪੁਰ, ਕੀਰਤ ਸਿੰਘ, ਨਸੀਬ ਅਲੀ, ਅਖ਼ਤਰ ਖ਼ਾਨ, ਵਿਕਟਰ ਮਸੀਹ ਆਦਿ ਮਾਪਿਆਂ ਨੇ ਕਿਹਾ ਕਿ ਜਦੋਂ ਚੋਣ ਰੈਲੀਆਂ ਹੋ ਰਹੀਆਂ ਹਨ, ਹੋਰ ਸੰਸਥਾਨ ਖੁੱਲ੍ਹ ਰਹੇ ਹਨ, ਬਾਜ਼ਾਰ ਵੀ ਖੁੱਲ੍ਹੇ ਹਨ ਤਾਂ ਸਕੂਲ ਖੋਲ੍ਹਣ ਵਿੱਚ ਕੀ ਦਿੱਕਤ ਹੈ। ਉਨ੍ਹਾਂ ਕਿਹਾ ਕਿ ਘਰ ਬੈਠੇ-ਬੈਠੇ ਬੱਚੇ ਨਾਲਾਇਕ ਬਣ ਰਹੇ ਹਨ। ਆਨਲਾਈਨ ਪੇਪਰਾਂ ਵਿੱਚ ਨਕਲ ਮਾਰ ਕੇ ਪੇਪਰ ਦੇ ਰਹੇ ਹਨ, ਇਸ ਬਾਰੇ ਵਿਚ ਅਧਿਆਪਕਾਂ ਨੂੰ ਵੀ ਭਲੀ ਪ੍ਰਕਾਰ ਪਤਾ ਹੈ ਪਰ ਕੋਈ ਕੁਝ ਨਹੀਂ ਬੋਲ ਰਿਹਾ ਹੈ। ਇਸ ਲਈ ਸਕੂਲ ਖੋਲ੍ਹਣ ਦੀ ਮੰਗ ਕੀਤੀ ਜਾ ਹੀ ਹੈ।
ਅਮਰਗੜ੍ਹ (ਰਾਜਿੰਦਰ ਜੈਦਕਾ): ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਕੌਰ ਤੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਜਗਤਾਰ ਸਿੰਘ ਤੋਲੇਵਾਲ ਦੀ ਅਗਵਾਈ ਹੇਠ ਪਿੰਡ ਤੋਲੇਵਾਲ ਦੇ ਬੱਚਿਆਂ ਨੇ ਸਕੂਲ ਤੇ ਕਾਲਜ ਖੋਲ੍ਹਣ ਦੀ ਮੰਗ ਕਰਦਿਆਂ ਹੱਥਾਂ ਵਿੱਚ ਮਾਟੋ ਲੈ ਕੇ ਰੈਲੀ ਕੀਤੀ। ਇਸ ਮੌਕੇ ਪ੍ਰਧਾਨ ਜਸਪ੍ਰੀਤ ਕੌਰ ਜੱਸੂ ਨੇ ਕਿਹਾ ਕਿ ਸਰਕਾਰ ਨੇ ਕਰੋਨਾ ਕਾਰਨ ਸਕੂਲ ਬੰਦ ਕਰਕੇ ਵਿਦਿਆਰਥੀਆਂ ਦੀ ਆਨਲਾਈਨ ਪੜ੍ਹਾਈ ਕਰਵਾਉਣ ਦਾ ਫੈਸਲਾ ਲਿਆ ਸੀ ਜੋ ਬੱਚਿਆਂ ਲਈ ਨੁਕਸਾਨਦਾਇਕ ਸਿੱਧ ਹੋਇਆ। ਬੁਲਾਰਿਆਂ ਨੇ ਸਕੂਲ ਤੇ ਕਾਲਜ ਜਲਦ ਖੋਲ੍ਹਣ ਦੀ ਮੰਗ ਕੀਤੀ।