ਪੱਤਰ ਪ੍ਰੇਰਕ
ਰਾਜਪੁਰਾ, 4 ਅਕਤੂਬਰ
ਭਾਜਪਾ ਮਹਿਲਾ ਮੋਰਚਾ ਨੇ ਬੀਤੇ ਦਿਨ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਔਰਤ ਦਾ ਹਸਪਤਾਲ ਦੇ ਵਰਾਂਡੇ ਵਿੱਚ ਜਣੇਪਾ ਹੋਣ ਦੇ ਮੁੱਦੇ ’ਤੇ ਰੋਸ ਮੁਜ਼ਾਹਰਾ ਕਰ ਕੇ ਸਿਹਤ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਦਾ ਪੁਤਲਾ ਸਾੜਿਆ। ਇੱਥੋਂ ਦੀ ਪੀਰ ਕਲੋਨੀ ਵਿੱਚ ਭਾਜਪਾ ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਨਮਿਤਾ ਰਾਣਾ, ਓਬੀਸੀ ਮਹਿਲਾ ਮੋਰਚਾ ਵਿੰਗ ਦੀ ਕਾਰਜਕਾਰਨੀ ਮੈਂਬਰ ਆਸ਼ਾ ਸਹਿਜੜਾ, ਨਰਿੰਦਰ ਕੌਰ ਅਤੇ ਕਿਰਨ ਹੰਸ ਦੀ ਅਗਵਾਈ ਵਿੱਚ ਇਕੱਤਰ ਹੋਈਆਂ ਮਹਿਲਾ ਮੋਰਚਾ ਦੀਆਂ ਔਰਤ ਮੈਂਬਰਾਂ ਨੇ ਪੰਜਾਬ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਨਮਿਤਾ ਰਾਣਾ ਅਤੇ ਨਰਿੰਦਰ ਕੌਰ ਸਮੇਤ ਹੋਰਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਹੋ ਰਹੀ ਹੈ। ਇਸ ਵੱਲੋਂ ਮੁਹੱਲਾ ਕਲੀਨਿਕ ਖੋਲ੍ਹ ਕੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਨੇੜੇ ਸਿਹਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਦਾਅਵਿਆਂ ਤੋਂ ਉਲਟ ਸਰਕਾਰੀ ਹਸਪਤਾਲਾਂ ਵਿੱਚ ਪਹਿਲਾਂ ਤੋਂ ਮਿਲਦੀਆਂ ਸਿਹਤ ਸਹੂਲਤਾਂ ਵੀ ਬੰਦ ਹੋ ਰਹੀਆਂ ਹਨ। ਲੰਘੇ ਦਿਨ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਇੱਕ ਔਰਤ ਨੂੰ ਫਰਸ਼ ’ਤੇ ਹੀ ਬੱਚੇ ਨੂੰ ਜਨਮ ਦੇਣ ਲਈ ਮਜਬੂਰ ਹੋਣਾ ਪਿਆ ਜਿਸ ਲਈ ਸਿਹਤ ਮੰਤਰੀ ਸਿੱਧੇ ਤੌਰ ’ਤੇ ਜ਼ਿੰਮੇਵਾਰ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਲੋਕਾਂ ਨੂੰ ਲੋੜੀਂਦੀਆਂ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ।