ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਸਤੰਬਰ
ਅਪ੍ਰੈਂਟਿਸ ਲਾਈਨਮੈਨ ਯੂਨੀਅਨ ਵੱਲੋਂ ਪਾਵਰਕੌਮ ਦਫਤਰ ਅੱੱਗੇ ਅੱਜ 55ਵੇਂ ਦਿਨ ਵੀ ਆਪਣਾ ਧਰਨਾ ਜਾਰੀ ਰੱੱਖਿਆ ਗਿਆ। ਇਸ ਦੌਰਾਨ ਉਨ੍ਹਾਂ ਜਿੱਥੇ ਰੋਸ ਮੁਜ਼ਾਹਰਾ ਕੀਤਾ, ਉੱਥੇ ਹੀ ਪਾਵਰਕੌਮ ਦਫ਼ਤਰ ਤੋਂ ਫੁਹਾਰਾ ਚੌਕ ਤੱਕ ਰੋਸ ਮਾਰਚ ਵੀ ਕੀਤਾ ਗਿਆ ਪਰ ਪਹਿਲਾਂ ਤੋਂ ਹੀ ਤਾਇਨਾਤ ਪੁਲੀਸ ਫੋਰਸ ਨੇ ਮੁਜ਼ਾਹਰਾਕਾਰੀਆਂ ਨੂੰ ਫੁਹਾਰਾ ਚੌਕ ਤੋਂ ਅੱਗੇ ਨਾ ਵਧਣ ਦਿੱਤਾ ਕਿਉਂਕਿ ਉਨ੍ਹਾਂ ਵੱਲੋਂ ਇਹ ਰੋਸ ਮਾਰਚ ਸ਼ਹਿਰ ਤੱਕ ਲਿਜਾਣ ਦਾ ਗੁਪਤ ਪ੍ਰ੍ਰੋਗਰਾਮ ਵੀ ਉਲੀਕਿਆ ਗਿਆ ਸੀ।
ਇਸ ਇਕੱਤਰਤਾ ਨੂੰ ਯੂਨੀਅਨ ਦੇ ਸੂਬਾਈ ਪ੍ਰਧਾਨ ਰਾਕੇਸ਼ ਕੁਮਾਰ ਮੀਤ ਪ੍ਰਧਾਨ ਪਵਿੱਤਰ ਸਿੰਘ ਸੰਗਤਪੁਰਾ ਸਮੇਤ ਗੁਰਜੰਟ ਸਿੰਘ, ਤੁਸ਼ਾਰ, ਨਵਜੀਤ, ਸੁਨੀਲ, ਜਗਸੀਰ ਸਿੰਘ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ, ਹਰਪਿੰਦਰ, ਰਮੇਸ਼ ਤੇ ਜਸਵੀਰ ਆਦਿ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਆਗੂਆਂ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਹੈ ਕਿ ਰਾਜ ਸਰਕਾਰ ਵੱਲੋਂ ਕੱਢੀਆਂ ਗਈਆਂ 1690+310=2000 ਪੋਸਟਾਂ ਦੌਰਾਨ ਥੋਪੀ ਗਈ ਟੈਸਟ ਦੀ ਸ਼ਰਤ ਹਟਾ ਕੇ ਇਨ੍ਹਾਂ ਆਸਾਮੀਆਂ ਸਬੰਧੀ ਇਸ਼ਤਿਹਾਰ ਦੁਬਾਰਾ ਜਾਰੀ ਕੀਤਾ ਜਾਵੇ। ਯੂਨੀਅਨ ਦੇ ਆਗੂ ਪਵਿੱਤਰ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਪਿਛਲੀ ਸਰਕਾਰ ਦੌਰਾਨ ਵੀ ਲੰਬਾ ਸਮਾਂ ਲਾਈਨਮੈਨ ਅਤੇ ਸਹਾਇਕ ਲਾਈਨਮੈਨਾਂ ਦੀਆਂ ਆਸਾਮੀਆਂ ਨਾ ਕੱਢੀਆਂ ਜਾਣ ਕਰ ਕੇ ਇਨ੍ਹਾਂ ਆਸਾਮੀਆਂ ’ਤੇ ਭਰਤੀ ਦਾ ਅਧਿਕਾਰ ਰੱਖਣ ਵਾਲੇ ਉਮੀਦਵਾਰਾਂ ਦੀ ਉਮਰ ਜ਼ਿਆਦਾ ਹੋਣ ਕਾਰਨ ਇਸ ਦੇ ਦਾਇਰੇ ਤੋਂ ਬਾਹਰ ਹੋ ਗਏ ਹਨ ਜਿਸ ਕਰਕੇ ਹੁਣ ਯੂਨੀਅਨ ਵੱਲੋਂ ਆਸਾਮੀਆਂ ਸਮੇਤ ਉਮਰ ਹੱਦ ਵਧਾਉਣ ਦੀ ਮੰਗ ਵੀ ਕੀਤੀ ਜਾ ਰਹੀ ਹੈ।
ਇਸ ਦੌਰਾਨ ਯੂਨੀਅਨ ਆਗੂਆਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਇਸ ਭਰਤੀ ਦੌਰਾਨ ਰੱਖੀ ਗਈ ਟੈਸਟ ਦੀ ਸ਼ਰਤ ਨਹੀਂ ਹਟਾਈ ਜਾਂਦੀ, ਓਨੀ ਦੇਰ ਉਹ ਇੱਥੇ ਪੱਕਾ ਮੋਰਚਾ ਜਾਰੀ ਰੱਖਣਗੇ ਜਿਸ ਦੌਰਾਨ ਹੀ ਗੁਪਤ ਐਕਸ਼ਨਾਂ ਦਾ ਪ੍ਰ੍ਰੋਗਰਾਮ ਵੀ ਉਲੀਕਿਆ ਜਾਵੇਗਾ। ਇਸ ਮੌਕੇ ਪ੍ਰਧਾਨ ਰਾਕੇਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।