ਗੁਰਨਾਮ ਸਿੰਘ ਅਕੀਦਾ
ਪਟਿਆਲਾ, 16 ਜੁਲਾਈ
ਆਮ ਆਦਮੀ ਪਾਰਟੀ ਦੇ ਸੂਬਾਈ ਸਕੱਤਰ ਅਤੇ ਇਨਕਲਾਬੀ ਨੌਜਵਾਨ ਸਭਾ ਦੇ ਪ੍ਰਧਾਨ ਜਰਨੈਲ ਸਿੰਘ ਮੰਨੂ ਦੀ ਅਗਵਾਈ ਵਿੱਚ ਅੱਜ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਪ੍ਰਦਰਸ਼ਨ ਕੀਤਾ ਗਿਆ ਅਤੇ ਕੱਲ੍ਹ ਨੂੰ ਕੋਤਵਾਲੀ ਥਾਣੇ ਵਿੱਚ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਕੇਸ ਦਰਜ ਕਰਾਉਣ ਦਾ ਫ਼ੈਸਲਾ ਕੀਤਾ ਗਿਆ।
ਇੱਥੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਕੋਲ ਜਰਨੈਲ ਸਿੰਘ ਮੰਨੂ ਨੇ ਆਪਣੀ ਟੀਮ ਨਾਲ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਪ੍ਰਦਰਸ਼ਨ ਕਰਦਿਆਂ ਦੋਸ਼ ਲਗਾਏ,‘ਮਾਨ ਨੇ ਸਾਡੇ ਹੀਰੇ ਭਗਤ ਸਿੰਘ ਨੂੰ ਅਤਿਵਾਦੀ ਕਿਹਾ ਹੈ, ਇਹ ਸਰਾਸਰ ਦੇਸ਼ਧ੍ਰੋਹ ਹੈ ਕਿਉਂਕਿ ਸ਼ਹੀਦਾਂ ਦੀਆਂ ਕੁਰਬਾਨੀਆਂ ਕਰਕੇ ਹੀ ਅੱਜ ਅਸੀਂ ਆਜ਼ਾਦੀ ਦਾ ਸੁੱਖ ਮਾਣ ਰਹੇ ਹਾਂ, ਜਿਸ ਸੰਵਿਧਾਨ ਤਹਿਤ ਮਾਨ ਸੰਸਦ ਮੈਂਬਰ ਬਣੇ ਹਨ ਉਹ ਸੰਵਿਧਾਨ ਸਾਡੇ ਮੁਲਕ ਵਿੱਚ ਲਾਗੂ ਕਰਾਉਣ ਲਈ ਸ਼ਹੀਦ ਭਗਤ ਸਿੰਘ ਦੀ ਵੱਡੀ ਕੁਰਬਾਨੀ ਹੈ, ਪਰ ਉਹ ਆਪਣਾ ਫ਼ਰਜ਼ ਭੁੱਲ ਗਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਕੱਲ੍ਹ ਸਿਮਰਨਜੀਤ ਸਿੰਘ ਮਾਨ ਖ਼ਿਲਾਫ਼ ਕੋਤਵਾਲੀ ਥਾਣੇ ਵਿੱਚ ਕੇਸ ਦਰਜ ਕਰਾਉਣ ਦਾ ਫ਼ੈਸਲਾ ਕੀਤਾ ਹੈ। ਇਸ ਮੌਕੇ ਸੁਖਵਿੰਦਰ ਸੁੱਖੀ, ਸ਼ਨੀ ਕੁਮਾਰ, ਬਲਜਿੰਦਰ ਬੱਲਾ, ਨਵਦੀਪ ਕਾਲੇਕਾ, ਬਿੱਟੂ ਜੋਗੀਪੁਰੀਆ, ਬਾਪੂ ਨਾਹਰ ਸਿੰਘ, ਚਰਨਜੀਤ ਸਿੰਘ, ਕੇਸ਼ਵ ਕੁਮਾਰ, ਹਿਤੇਸ਼ ਸ਼ਰਮਾ ਤੇ ਦਿਆਲ ਸਿੰਘ ਆਦਿ ਵੀ ਮੌਜੂਦ ਰਹੇ।