ਖੇਤਰੀ ਪ੍ਰਤੀਨਿਧ
ਪਟਿਆਲਾ, 7 ਅਗਸਤ
‘ਜਲ ਸਰੋਤ ਵਿਭਾਗ’ ਦੇ ਪ੍ਰਮੁੱਖ ਸਕੱਤਰ ਕ੍ਰਿਸ਼ਨ ਕੁਮਾਰ ਵਲੋਂ ਮੁਲਾਜ਼ਮਾਂ ਦੀ ਹਾਜ਼ਰੀ ਵਿਭਾਗ ਦੀ ‘ਐਮ ਸੇਵਾ’ ਨਾਮ ਦੀ ‘ਐਪ’ ਰਾਹੀਂ ਪਾਏ ਜਾਣ ਦੇ ਆਦੇਸ਼ ਜਾਰੀ ਕੀਤੇ ਗਏ ਹਨ। ਤਰਕ ਹੈ ਕਿ ਅਜਿਹੀ ਕਾਰਵਾਈ ਮੁਲ਼ਾਜ਼ਮਾਂ ਦੀ ਦਫਤਰਾਂ ਅਤੇ ਆਪਣੀਆਂ ਨਿਰਧਾਰਤ ਡਿਊਟੀਆਂ ’ਤੇ ਸਮੇਂ ਸਿਰ ਪਹੁੰਚਣਾ ਯਕੀਨੀ ਬਣਾਉਣ ਲਈ ਅਮਲ ’ਚ ਲਿਆਂਦੀ ਗਈ ਹੈ। ਦੂਜੇ ਬੰਨੇ ‘ਚੌਥਾ ਦਰਜਾ ਮੁਲਾਜ਼ਮ ਯੂਨੀਅਨ ਪੰਜਾਬ’ ਦੇ ਸੂਬਾਈ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਦੀ ਅਗਵਾਈ ਹੇਠ ਇਕੱਤਰ ਹੋਏ ਮੁਲਾਜ਼ਮਾਂ ਵੱਲੋਂ ਇਸ ਨੂੰ ਨਾਦਰਸ਼ਾਹੀ ਫੁਰਮਾਨ ਦੱਸਦਿਆਂ ਰੋਸ ਪ੍ਰਦਰਸ਼ਨ ਵੀ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਹੁਕਮਾਂ ਤੋਂ ਪਹਿਲਾਂ ਜ਼ਮੀਨੀ ਹਕੀਕਤ ਜ਼ਰੂਰੀ ਘੋਖੀ ਜਾਵੇ। ਫੀਲਡ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਇਸ ਐਪ ’ਤੇ ਹਾਜ਼ਰੀ ਲਗਾਉਣ ਤੋਂ ਛੋਟ ਦੀ ਮੰਗ ਕਰਦਿਆਂ, ਲੁਬਾਣਾ ਨੇ ਐਲਾਨ ਕੀਤਾ ਕਿ ਅਜਿਹੀ ਛੋਟ ਨਾ ਦਿੱਤੀ ਗਈ, ਤਾਂ ਨਹਿਰੀ ਮਹਿਕਮੇ ਦੇ ਪੰਜਾਬ ਭਰ ਵਿਚਲੇ ਸਮੂਹ ਦਫਤਰਾਂ ਅੱਗੇ 10 ਅਗਸਤ ਨੂੰ ਰੋਸ ਰੈਲੀਆਂ ਕਰਕੇ ਅਜਿਹੇ ਆਦੇਸ਼ਾਂ ਦੀਆਂ ਕਾਪੀਆਂ ਵੀ ਸਾੜੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪਹਿਲਾਂ ‘ਨਿਕੰਮੇ’ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਜਬਰੀ ਸੇਵਾਮੁਕਤ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ ਸਨ। ਹਾਜ਼ਰੀ ਸਬੰਧੀ ਆਦੇਸ਼ਾਂ ਨੂੰ ਵੀ ਇਸੇ ਕੜੀ ਦਾ ਹਿੱਸਾ ਦੱਸਦਿਆਂ ਮੁਲਾਜ਼ਮ ਆਗੂਆਂ ਦਾ ਕਹਿਣਾ ਸੀ ਕਿ ਫੀਲਡ ’ਚ ਡਿਊਟੀਆਂ ਕਾਰਨ ਸਮੇਂ ਸਿਰ ਹਾਜ਼ਰੀ ਨਾ ਪਾ ਸਕਣ ਵਾਲ਼ੇ ਮੁਲ਼ਾਜ਼ਮਾਂ ਨੂੰ ‘ਨਿਕੰਮੇ’ ਗਰਦਾਨ ਕੇ ਜਬਰੀ ਸੇਵਾ ਮੁਕਤ ਕਰਨ ਦਾ ਤਾਣਾ ਬਾਣਾ ਬੁਣਿਆ ਜਾ ਰਿਹਾ ਹੈ। ਕਿਉਂਕਿ ਜਿਹੜੇ ਮੁਲਾਜ਼ਮਾਂ ਦੀ ਡਿਊਟੀ ਵਿਭਾਗ ਦੇ ਤਾਰ ਘਰ, ਛੋਟੀਆਂ/ਵੱਡੀਆਂ ਨਹਿਰਾਂ, ਰੈਗੂਲੇਸ਼ਨ ਪੁਆਇੰਟਾਂ, ਹੈੱਡਾਂ, ਪਟੜੀਆਂ ਤੇ ਰਜਵਾਹਿਆਂ ਸਮੇਤ ਟੇਲਾਂ ਆਦਿ ਥਾਵਾਂ ’ਤੇ ਫੀਲਡ ’ਚ ਹੋਵੇਗੀ, ਉਹ ਇਸ ਐਪ ’ਤੇ ਹਾਜ਼ਰੀ ਕਿਵੇਂ ਲਗਾ ਸਕਣਗੇ। ਕਿਉਂਕਿ ਕਈ ਖੇਤਰਾਂ ’ਚ ਤਾਂ ਮੋਬਾਈਲ ਫੋਨ ਵੀ ਨਹੀਂ ਚੱਲਦੇ। ਇਨ੍ਹਾਂ ਦਲੀਲਾਂ ਤਹਿਤ ਅਜਿਹੇ ਆਦੇਸ਼ ਤੁਰੰਤ ਵਾਪਸ ਲਏ ਜਾਣ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਦਰਸ਼ਨ ਸਿੰਘ ਲੁਬਾਣਾ ਸਮੇਤ ਗੁਰਦਰਸ਼ਨ ਸਿੰਘ, ਪ੍ਰੀਤਮ ਠਾਕੁਰ, ਨਾਰੰਗ ਸਿੰਘ, ਬਲਬੀਰ ਸਿੰਘ, ਕਾਕਾ ਸਿੰਘ ਨਿਰਮਲ ਸਿੰਘ, ਭਰਪੂਰ ਸਿੰਘ, ਮੇਘਰਾਜ, ਜਗਤਾਰ ਸਿੰਘ, ਧਰਮ ਸਿੰਘ, ਅਮਰ ਨਰੜੂ, ਵੀਰ ਸਿੰਘ, ਸ਼ਾਮ ਸਿੰਘ, ਦੇਸ਼ਰਾਜ, ਪਰਮ ਸਿੰਘ, ਕੁਲਵਿੰਦਰ ਸਿੰਘ, ਤਰਲੋਚਨ ਮਾੜੂ ਤੇ ਸ਼ੇਰਾ ਸਿੰਘ ਆਦਿ ਆਗੂ ਹਾਜ਼ਰ ਸਨ।