ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 27 ਮਈ
ਇੱਥੇ ਨਾਰਦਰਨ ਰੇਲਵੇ ਮੈਨਜ਼ ਯੂਨੀਅਨ ਸਰਹਿੰਦ ਬਰਾਂਚ ਵੱਲੋਂ ਅੱਜ ਅੰਬਾਲਾ ਦੇ ਯੂਥ ਵਿੰਗ ਦੇ ਪ੍ਰਧਾਨ ਤੇ ਬਰਾਂਚ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਬਰਾਂਚ ਪ੍ਰਧਾਨ ਜਸਮੇਰ ਸਿੰਘ ਦੀ ਅਗਵਾਈ ਹੇਠ ਭਾਰਤ ਸਰਕਾਰ ਤੇ ਰੇਲਵੇ ਬੋਰਡ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਕਾਹਲੋਂ ਨੇ ਦੱਸਿਆ ਕਿ ਭਾਰਤ ਸਰਕਾਰ ਤੇ ਰੇਲ ਮੰਤਰਾਲਾ ਵੱਲੋਂ ਕਰਮਚਾਰੀਆਂ ਦੀਆਂ ਖ਼ਾਲੀ ਅਸਾਮੀਆਂ ਖ਼ਤਮ ਕੀਤੀਆਂ ਜਾ ਰਹੀਆਂ ਹਨ। ਇਸ ਸਬੰਧੀ ਪਿਛਲੇ ਦਿਨੀਂ ਰੇਲਵੇ ਬੋਰਡ ਵੱਲੋਂ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਨੇ 50 ਪ੍ਰਤੀਸ਼ਤ ਨਾਨ ਸੇਫ਼ਟੀ ਅਸਾਮੀਆਂ ਨੂੰ ਖ਼ਤਮ ਕਰਨ ਦਾ ਨਿਰਦੇਸ਼ ਜਾਰੀ ਕੀਤਾ ਹੈ। ਜਿਸ ਦਿਨ ਤੋਂ ਇਹ ਪੱਤਰ ਜਾਰੀ ਹੋਇਆ ਉਸ ਦਿਨ ਤੋਂ ਪੂਰੇ ਭਾਰਤ ਵਿੱਚ ਆਲ ਇੰਡੀਆ ਰੇਲਵੇ ਮੈਨਜ਼ ਫੈਡਰੇਸ਼ਨ ਵੱਲੋਂ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਰੇਲਵੇ ਬੋਰਡ ਵੱਲੋਂ ਪਿਛਲੇ ਸਾਲ ਸਿਰਫ਼ 2 ਪ੍ਰਤੀਸ਼ਤ ਭਰਤੀਆਂ ਕੀਤੀਆਂ ਗਈਆਂ ਹਨ ਅਤੇ 1073 ਪੋਸਟਾਂ ਰੇਲ ਮੰਤਰਾਲੇ ਵੱਲੋਂ ਸਰੰਡਰ ਕਰ ਦਿੱਤੀਆਂ ਗਈਆਂ। ਇਸ ਫ਼ੈਸਲੇ ਸਬੰਧੀ ਰੇਲਵੇ ਬੋਰਡ ਨੇ ਰੇਲਵੇ ਯੂਨੀਅਨ ਨਾਲ ਕੋਈ ਵਿਚਾਰ ਚਰਚਾ ਨਹੀਂ ਕੀਤੀ ਅਤੇ ਤੁਗ਼ਲਕੀ ਫ਼ਰਮਾਨ ਜਾਰੀ ਕਰ ਦਿੱਤਾ।
ਬਰਾਂਚ ਪ੍ਰਧਾਨ ਜਸਮੇਰ ਸਿੰਘ ਨੇ ਕਿਹਾ ਕਿ ਅੱਜ ਕਰਮਚਾਰੀਆਂ ਨੂੰ ਇੱਕਜੁੱਟਤਾ ਨਾਲ ਕੰਮ ਕਰਦਿਆਂ ਸੰਘਰਸ਼ ਤਿੱਖਾ ਕਰਨਾ ਹੋਵੇਗਾ। ਰੇਲਵੇ ਕਰਮਚਾਰੀਆਂ ਨੇ ਐਲਾਨ ਕੀਤਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਸਹਾਇਕ ਸਕੱਤਰ ਰਾਮ ਸਲੇਸ਼ ਮਾਂਝੀ, ਮਨਜੀਤ ਸਿੰਘ, ਉਪ ਪ੍ਰਧਾਨ ਭੁਪਿੰਦਰ ਸਿੰਘ, ਰਿਸ਼ੀਪਾਲ, ਸੁਮਿਤ ਕੁਮਾਰ, ਮਨੀਸ਼ ਕੁਮਾਰ, ਮਹੇਂਦਰ ਪਾਸਵਾਨ, ਸੰਦੀਪ ਸਿੰਘ ਅਤੇ ਸੈਂਕੜੇ ਰੇਲਵੇ ਕਰਮਚਾਰੀ ਇਸ ਧਰਨੇ ਵਿੱਚ ਹਾਜ਼ਰ ਸਨ।