ਖੇਤਰੀ ਪ੍ਰਤੀਨਿਧ
ਪਟਿਆਲਾ, 7 ਸਤੰਬਰ
ਬਿਲਕੀਸ ਬਾਨੋ ਨਾਲ ਹੋਏ ਬਲਾਤਕਾਰ ਦੇ ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਨ ਖ਼ਿਲਾਫ਼ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਭਾਈ ਕਾਹਨ ਸਿੰਘ ਨਾਭਾ ਲਾਇਬ੍ਰੇਰੀ ਦੇ ਸਾਹਮਣੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਗਿਆ ਤੇ ਯੂਨੀਵਰਸਿਟੀ ਕੈਂਪਸ ’ਚ ਮਾਰਚ ਵੀ ਕੀਤਾ ਗਿਆ। ਇਕੱਠ ਨੂੰ ਸੰਬੋਧਨ ਕਰਦਿਆਂ ਇਸਤਰੀ ਜਾਗ੍ਰਿਤੀ ਮੰਚ ਦੀ ਸੂਬਾ ਜਰਨਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਕੇਂਦਰ ਸਰਕਾਰ ਨੂੰ ਮਹਿਲਾ ਤੇ ਘੱਟ ਗਿਣਤੀ ਵਰਗ ਵਿਰੋਧੀ ਮਾਨਸਿਕਤਾ ਵਾਲੀ ਸਰਕਾਰ ਦੱਸਿਆ। ਉਨ੍ਹਾਂ ਨੇ ਇਨਸਾਫ਼ ਪਸੰਦ ਲੋਕਾਂ ਨੂੰ ਅਜਿਹੇ ਸੰਵੇਦਨਸ਼ੀਲ ਮਸਲਿਆਂ ’ਤੇ ਆਵਾਜ਼ ਬੁਲੰਦ ਕਰਨ ’ਤੇ ਜ਼ੋਰ ਦਿੱਤਾ। ਇਸ ਮੌਕੇ ਸੂਬਾ ਜਰਨਲ ਸਕੱਤਰ ਅਮਨਦੀਪ ਸਿੰਘ ਖਿਉਵਾਲੀ ਨੇ ਕਿਹਾ ਕਿ ਭਾਜਪਾ ਸਰਕਾਰ ਇੱਕ ਭਾਸ਼ਾ, ਇੱਕ ਰਾਸ਼ਟਰ ਬਣਾਉਣ ਦੇ ਏਜੰਡੇ ਨੂੰ ਅੱਗੇ ਵਧਾ ਰਹੀ ਹੈ।