ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ, 7 ਅਕਤੂਬਰ
ਸਥਾਨਕ ਸ਼ਹੀਦ ਊਧਮ ਸਿੰਘ ਮਿਉਂਸਿਪਲ ਲਾਇਬ੍ਰੇਰੀ ਨੂੰ ਖਸਤਾ ਹਾਲਤ ਤੋਂ ਛੁਟਕਾਰਾ ਦਿਵਾਉਣ ਲਈ ਸ਼ਹੀਦ ਊਧਮ ਸਿੰਘ ਵਿਚਾਰ ਮੰਚ ਵੱਲੋਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਇਸ ਸਬੰਧੀ ਮੰਚ ਦਾ ਇਕ ਵਫਦ ਨਗਰ ਕੌਂਸਲ ਦੇ ਪ੍ਰਧਾਨ ਨੂੰ ਮਿਲਿਆ। ਵਫ਼ਦ ਮੈਂਬਰਾਂ ਨੇ ਦੱਸਿਆ ਕਿ ਸ਼ਹੀਦ ਊਧਮ ਸਿੰਘ ਦੇ ਨਾਂ ’ਤੇ ਪੀਰਾਂ ਵਾਲੇ ਗੇਟ ਵਿਖੇ ਬਣੀ ਮਿਉਂਸਿਪਲ ਲਾਇਬ੍ਰੇਰੀ ਦੀ ਹਾਲਤ ਬਹੁਤ ਤਰਸਯੋਗ ਹੈ। ਲਾਇਬ੍ਰੇਰੀ ਵਿੱਚ ਕੋਈ ਵੀ ਲਾਇਬ੍ਰੇਰੀਅਨ ਨਹੀਂ ਹੈ। ਪੱਕੇ ਤੌਰ ’ਤੇ ਲਾਇਬ੍ਰੇਰੀਅਨ ਦੀ ਨਿਯੁਕਤੀ ਕਰਨਾ ਬਹੁਤ ਜ਼ਰੂਰੀ ਹੈ। ਵਫਦ ਮੈਂਬਰਾਂ ਨੇ ਕਿਹਾ ਕਿ ਵਫਦ ਵੱਲੋਂ ਕੌਂਸਲ ਪ੍ਰਧਾਨ ਨੂੰ ਲਾਇਬ੍ਰੇਰੀ ਵਿਚ ਸੰਭਾਲ ਖੁਣੋਂ ਬਰਬਾਦ ਹੋ ਰਹੀਆਂ ਪੁਸਤਕਾਂ, ਟੁੱਟ ਰਿਹਾ ਫਰਨੀਚਰ, ਬੁਰਾ ਹਾਲ ਪਖਾਨਿਆਂ ਅਤੇ ਲਾਇਬ੍ਰੇਰੀ ਵਿਚ ਪਏ ਕਬਾੜ ਬਾਰੇ ਜਾਣੂ ਕਰਵਾਇਆ। ਵਫਦ ਨੇ ਦੱਸਿਆ ਕਿ ਕੌਂਸਲ ਪ੍ਰਧਾਨ ਨੇ ਜਲਦੀ ਹੀ ਲਾਇਬ੍ਰੇਰੀ ਵਿਚ ਲਾਇਬ੍ਰੇਰੀਅਨ ਤਾਇਨਾਤ ਕਰਨ ਦਾ ਭਰੋਸਾ ਦਿੱਤਾ ਅਤੇ ਲਾਇਬ੍ਰੇਰੀ ਦੀ ਸਮੁੱਚੀ ਹਾਲਤ ਨੂੰ ਸੁਧਾਰਨ ਦਾ ਵੀ ਵਾਅਦਾ ਕੀਤਾ।
ਇਸ ਮੌਕੇ ਮੰਚ ਦੇ ਆਗੂ ਰਾਕੇਸ਼ ਕੁਮਾਰ, ਬਲਬੀਰ ਚੰਦ ਲੌਂਗੋਵਾਲ, ਵਿਸ਼ਵ ਕਾਂਤ, ਅਨਿਲ ਕੁਮਾਰ, ਕੁਲਦੀਪ ਬੱਸੀ, ਹਰਿੰਦਰ ਬਾਬਾ, ਮਿੱਠੂ ਸਿੰਘ, ਅਮਰੀਕ ਸਿੰਘ ਪਵਨ ਸ਼ਰਮਾ, ਦਾਤਾ ਸਿੰਘ, ਪਦਮ ਸ਼ਰਮਾ ਰਾਮਸਰੂਪ ਛਾਜਲੀ, ਰਾਮ ਸਰੂਪ ਢੇਪਈ ਸਮੇਤ ਹੋਰ ਕਈ ਮੌਜੂਦ ਸਨ।