ਪੱਤਰ ਪ੍ਰੇਰਕ
ਰਾਜਪੁਰਾ, 11 ਅਪਰੈਲ
ਸੀਪੀਐੱਮ ਦੇ ਵਫ਼ਦ ਨੇ ਤੇਲ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਰਾਸ਼ਟਰਪਤੀ ਦੇ ਨਾਂ ਐੱਸਡੀਐੱਮ ਰਾਜਪੁਰਾ ਨੂੰ ਮੰਗ ਪੱਤਰ ਸੌਂਪਿਆ। ਸੀਪੀਐੱਮ ਦੇ ਜ਼ਿਲ੍ਹਾ ਸਕੱਤਰ ਧਰਮਪਾਲ ਸਿੰਘ ਸੀਲ, ਤਹਿਸੀਲ ਸਕੱਤਰ ਸੁਨੀਲ ਕੁਮਾਰ ਕਾਲਾ, ਨਿਸ਼ਾਵਰ ਸਿੰਘ ਗੋਪਾਲਪੁਰ, ਸਤਪਾਲ ਰਾਜੋਮਾਜਰਾ, ਮੋਹਨ ਲਾਲ ਰਾਜਪੁਰਾ ਅਤੇ ਜਗੀਰ ਸਿੰਘ ਹੰਸਾਲਾ ਨੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਐੱਸਡੀਐੱਮ ਰਾਜਪੁਰਾ ਡਾ. ਸੰਜੀਵ ਕੁਮਾਰ ਨੂੰ ਸੌਂਪਿਆ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਵੱਧ ਰਹੀਆਂ ਕੀਮਤਾਂ ਕਾਰਨ ਰੋਜ਼ਾਨਾ ਵਰਤੋਂ ਦੀਆਂ ਖੁਰਾਕੀ ਵਸਤਾਂ, ਸਬਜ਼ੀਆਂ ਆਦਿ ਦੀ ਢੋਆ-ਢੋਆਈ ਦਾ ਖਰਚਾ ਵੀ ਵੱਧ ਜਾਂਦਾ ਹੈ। ਜਿਸ ਕਾਰਨ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਇਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੁੰਦੀਆਂ ਜਾ ਰਹੀਆਂ ਹਨ। ਉਨ੍ਹਾਂ ਰਾਸ਼ਟਰਪਤੀ ਤੋਂ ਮੰਗ ਕੀਤੀ ਕਿ ਤੇਲ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਵਾਪਸ ਲੈਣ ਦੀ ਕੇਂਦਰ ਸਰਕਾਰ ਨੂੰ ਹਦਾਇਤ ਕੀਤੀ ਜਾਵੇ।