ਪਟਿਆਲਾ (ਖੇਤਰੀ ਪ੍ਰਤੀਨਿਧ): ਕੱਚੇ ਡਰਾਈਵਰ-ਕੰਡਕਟਰਾਂ ਸਮੇਤ ਹੋਰ ਸਮੁੱਚੇ ਸਟਾਫ਼ ਦੀਆਂ ਸੇਵਾਵਾਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਪਨਬੱਸ/ਪੰਜਾਬ ਰੋਡਵੇਜ਼/ਪੀਆਰਟੀਸੀ ਕੰਟ੍ਰਰੈਕਟ ਵਰਕਰਜ਼ ਯੂਨੀਅਨ ਵੱਲੋਂ ਕੁਝ ਦਿਨ ਪਹਿਲਾਂ ਵਿੱਢੀ ਹੜਤਾਲ਼ ਅੱਜ ਵੀ ਜਾਰੀ ਰਹੀ ਜਿਸ ਦੌਰਾਨ ਇਸ ਖੇਤਰ ’ਚ ਬਹੁਤੀਆਂ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਿਹਾ। ਇਸ ਕਾਰਨ ਸਵਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਧਰ ਵਿਧਾਇਕਾਂ ਨੂੰ ਮੰਗ ਪੱਤਰ ਦੇਣ ਦੇ ਉਲੀਕੇ ਪ੍ਰੋਗਰਾਮ ਤਹਿਤ ਪਨਬੱਸ/ਪੰਜਾਬ ਰੋਡਵੇਜ਼/ਪੀ.ਆਰ.ਟੀ ਸੀ ਕੰਟ੍ਰਰੈਕਟ ਵਰਕਰਜ਼ ਯੂਨੀਅਨ ਦੇ ਆਗੂਆਂ ਨੇ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਜਲਾਲਪੁਰ ਦੀ ਨੇੜਲੇ ਪਿੰਡ ਜਲਾਲਪੁਰ ਸਥਿਤ ਰਿਹਾਇਸ਼ ’ਤੇ ਜਾ ਕੇ ਸਰਕਾਰ ਦੇ ਨਾਮ ਮੰਗ ਪੱਤਰ ਸੌਂਪਿਆ। ਜਿਸ ਦੌਰਾਨ ਉਕਤ ਅਦਾਰਿਆਂ ਦੇ ਕੱਚੇ ਵਰਕਰਾਂ ਨੂੰ ਰੈਗੂਲਰ ਕਰਨ, ਪਨਬੱਸ, ਪੰਜਾਬ ਰੋਡਵੇਜ਼ ਅਤੇ ਪੀਆਰਟੀ ਸੀ ਦੇ ਬੇੜੇ ’ਚ ਦਸ ਹਜ਼ਾਰ ਹੋਰ ਬੱਸਾਂ ਪਾਉਣ ’ਤੇ ਜ਼ੋਰ ਦਿੱਤਾ ਗਿਆ। ਵਿਧਾਇਕ ਜਲਾਲਪੁਰ ਨੇ ਇਨ੍ਹਾਂ ਮੁਲਾਜ਼ਮਾਂ ਇਹ ਮੰਗ ਪੱਤਰ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿਵਾਇਆ।