ਪੱਤਰ ਪ੍ਰੇਰਕ
ਰਾਜਪੁਰਾ, 26 ਅਪਰੈਲ
ਸੰਯੁਕਤ ਸਮਾਜ ਮੋਰਚੇ ਦੀ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਦੇ ਨਾਂ ਨਾਇਬ ਤਹਿਸੀਲਦਾਰ ਘਨੌਰ ਨੂੰ ਮੰਗ ਪੱਤਰ ਸੌਂਪ ਕੇ ਰਜਿਸਟਰੀ ਬੈਨਾਮਾ ਵਿੱਚ ਐਨਓਸੀ ਦੀ ਖੱਜਲ ਖੁਆਰੀ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਕਿਸਾਨ ਜਥੇਬੰਦੀਆਂ ਦੇ ਆਗੂਆਂ ਪਵਨ ਕੁਮਾਰ ਸੋਗਲਪੁਰ, ਚਰਨਜੀਤ ਸਿੰਖ ਝੁੰਗੀਆਂ, ਹਰਵਿੰਦਰ ਸਿੰਘ ਮਿੱਠੂ ਉਕਸੀ, ਗੁਰਦੀਪ ਸਿੰਘ ਸਰਾਲਾ, ਗੁਰਦੀਪ ਸਿੰਘ ਰੁੜਕੀ ਅਤੇ ਇਕਬਾਲ ਸਿੰਘ ਮੰਡੌਲੀ ਸਮੇਤ ਹੋਰਨਾਂ ’ਤੇ ਅਧਾਰਿਤ ਵਫ਼ਦ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਮੰਗ ਪੱਤਰ ਨਾਇਬ ਤਹਿਸੀਲਦਾਰ ਮਨਿੰਦਰ ਸਿੰਘ ਘਨੌਰ ਨੂੰ ਸੌਂਪਿਆ ਅਤੇ ਮੰਗ ਕੀਤੀ ਕਿ ਜ਼ਮੀਨੀ ਬੈਨਾਮਾ ਰਜਿਸਟਰੀ ਕਰਵਾਉਣ ਲਈ ਕਿਸਾਨਾਂ ਨੂੰ ਸਹਿਕਾਰੀ ਸਭਾਵਾਂ ਤੇ ਪੁੱਡਾ ਤੋਂ ਐਨਓਸੀ ਦੀ ਮੰਗ ਕਰਕੇ ਕਿਸਾਨਾਂ ਨੂੰ ਖੱਜਲ ਖੁਆਰ ਕਰਨਾ ਬੰਦ ਕੀਤਾ ਜਾਵੇ। ਇਸ ਮੌਕੇ ਉਨ੍ਹਾਂ ਲਖੀਮਪੁਰ ਖੀਰੀ ਕਾਂਡ ਦੇ ਮੁਖੀ ਮੁਲਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆ ਜਾਣ, ਕਣਕ ਦਾ ਝਾੜ ਘਟਣ ਕਾਰਨ ਕਿਸਾਨਾਂ ਨੂੰ 500 ਰੁਪਏ ਬੋਨਸ ਦਿੱਤਾ ਜਾਵੇ ਅਤੇ ਕੇਂਦਰ ਸਰਕਾਰ ਵੱਲੋਂ ਕਿਸਾਨ ਜਥੇਬੰਦੀਆਂ ਨਾਲ ਕੀਤਾ ਲਿਖਤੀ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ। ਇਸ ਮੌਕੇ ਚਰਨਜੀਤ ਸਿੰਘ ਲਾਛੜੂ ਕਲਾਂ, ਜਗਤਾਰ ਸਿੰਘ ਅਲਾਮਦੀਪੁਰ, ਬਲਜੀਤ ਸਿੰਘ ਲਾਛੜੂ, ਮੇਵਾ ਸਿੰਘ ਸਰਾਲਾ, ਹੰਸ ਰਾਜ ਅਤੇ ਅਮਰੀਕ ਸਿੰਘ ਸਿਆਲੂ ਸਮੇਤ ਹੋਰ ਮੌਜੂਦ ਸਨ।