ਪੱਤਰ ਪ੍ਰੇਰਕ
ਪਟਿਆਲਾ, 30 ਮਈ
ਡਿੱਪੂ ਹੋਲਡਰ ਯੂਨੀਅਨ ਜ਼ਿਲ੍ਹਾ ਪਟਿਆਲਾ ਦਾ ਵਫ਼ਦ ਅੱਜ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਮਿਲਿਆ ਤੇ ਉਨ੍ਹਾਂ ਨੇ ਆਪਣੀਆਂ ਸਮੱਸਿਆਵਾਂ ਬਾਰੇ ਵਿਧਾਇਕ ਨੂੰ ਜਾਣਕਾਰੀ ਦਿੱਤੀ। ਇਸ ਦੌਰਾਨ ਮੋਹਨ ਲਾਲ, ਕਪਿਲਾ ਕੁਮਾਰ, ਮਨੋਹਰ ਲਾਲ ਅਤੇ ਤਰਲੋਕ ਸਿੰਘ ਤੋਰਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਡਿੱਪੂ ਹੋਲਡਰਾਂ ਦੀ ਕੋਈ ਸਾਰ ਨਹੀਂ ਲਈ। ਵਿਧਾਇਕ ਨੂੰ ਮੰਗ ਪੱਤਰ ਸੌਂਪਦਿਆਂ ਉਨ੍ਹਾਂ ਕਿਹਾ ਕਿ ਡਿੱਪੂ ਹੋਲਡਰ ਸਮੇਂ ਸਮੇਂ ਤੇ ਆਪਣੀ ਸਮੱਸਿਆ ਦੱਸਦੇ ਰਹੇ ਪਰ ਸਰਕਾਰਾਂ ਦੇ ਮੰਤਰੀ ਸਿਰਫ਼ ਲਾਰੇ ਲਾਉਂਦੇ ਰਹੇ, ਪਰ ਕਿਸੇ ਨੇ ਵੀ ਕੋਈ ਮਸਲਾ ਹੱਲ ਨਹੀਂ ਕੀਤਾ।
ਇਨ੍ਹਾਂ ਆਗੂਆਂ ਨੇ ਕਿਹਾ ਕਿ ਲੋਕਾਂ ਦੀ ਸੇਵਾ ਕਰਨ ਵਾਲਾ ਹਰ ਡਿੱਪੀ ਹੋਲਡਰ ਹਰ ਮਹੀਨੇ ਆਪਣੀ ਜੇਬ ਵਿੱਚੋਂ ਪੈਸਾ ਖ਼ਰਚ ਕਰ ਕੇ ਲੋਕਾਂ ਨੂੰ ਰਾਸ਼ਨ ਵੰਡਦਾ ਹੈ। ਹਰ ਡਿਪੂ ਹੋੱਲਡਰ ਰਾਸ਼ਨ ਨੂੰ ਆਪਣੇ ਖ਼ਰਚੇ ’ਤੇ ਲਿਆਉਂਦਾ ਹੈ ਅਤੇ ਖ਼ੁਦ ਵੰਡ ਕਰਦਾ ਹੈ, ਜੋ ਸਰਕਾਰ ਕਮਿਸ਼ਨ ਦਿੰਦੀ ਹੈ ਉਸ ਨਾਲ ਤਾਂ ਇਕ ਵਾਰ ਜਾਣ ਦਾ ਤੇਲ ਵੀ ਪੂਰਾ ਨਹੀਂ ਹੁੰਦਾ। ਇਸ ਲਈ ਇਨ੍ਹਾਂ ਡਿਪੂ ਹੋਲਡਰਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ।
ਇਸ ਦੌਰਾਨ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਕੋਲ ਉਠਾਇਆ ਜਾਏਗਾ।