ਘਨੌਰ: ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਘਨੌਰ ਦੇ ਵਫ਼ਦ ਨੇ ਏਡੀਸੀ ਪਟਿਆਲਾ (ਜਨਰਲ) ਗੁਰਪ੍ਰੀਤ ਸਿੰਘ ਥਿੰਦ ਨੂੰ ਮੰਗਾਂ ਸਬੰਧੀ ਪੱਤਰ ਸੌਂਪਿਆ। ਇਹ ਵਫ਼ਦ ਜਿਸ ਵਿੱਚ ਯੂਨੀਅਨ ਦੇ ਬਲਾਕ ਪ੍ਰਧਾਨ ਹਰਵਿੰਦਰ ਸਿੰਘ ਉਰਫ਼ ਮਿੱਠੂ ਉਕਸੀ, ਗੁਰਦੀਪ ਸਿੰਘ ਰੁੜਕੀ, ਜਗਤਾਰ ਸਿੰਘ, ਬਿੰਦਰ ਸਿੰਘ ਅਤੇ ਰੋਡਾ ਸਿੰਘ ਮਰਦਾਂਪੁਰ ਸਣੇ ਹੋਰ ਸ਼ਾਮਲ ਸਨ। ਵਫ਼ਦ ਨੇ ਮੰਗ ਕੀਤੀ ਕਿ ਘਨੌਰ ਖੇਤਰ ਵਿੱਚੋਂ ਲੰਘਦੀ ਘਨੌਰ-ਬਹਾਦਰਗੜ੍ਹ ਰੋਡ ’ਤੇ ਸੜਕ ਦੇ ਪੱਕੇ ਬਰਮਾਂ ਵਿਚਕਾਰ ਖੜ੍ਹੇ ਕੱਟੇ ਹੋਏ ਦਰੱਖਤਾਂ ਦੇ ਦੋ-ਦੋ ਫੁੱਟ ਉੱਚੇ ਮੁੱਢ ਪੁੱਟਵਾਏ ਜਾਣ। ਇਸ ਕਾਰਨ ਹਾਦਸਿਆਂ ਦਾ ਡਰ ਬਣਿਆ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਲਿੰਕ ਸੜਕਾਂ ਦੀ ਮੁਰੰਮਤ ਕਰਵਾਈ ਜਾਵੇ। ਵਫ਼ਦ ਨੇ ਦੱਸਿਆ ਕਿ ਏਡੀਸੀ ਸ੍ਰੀ ਥਿੰਦ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ਼ ਦਿਵਾਇਆ ਗਿਆ ਕਿ ਸਬੰਧਿਤ ਵਿਭਾਗਾਂ ਨੂੰ ਪੱਤਰ ਲਿਖ ਕੇ ਲੋੜੀਂਦੀ ਕਾਰਵਾਈ ਲਈ ਕਿਹਾ ਜਾਵੇਗਾ। -ਪੱਤਰ ਪ੍ਰੇਰਕ