ਗੁਰਨਾਮ ਸਿੰਘ ਚੌਹਾਨ
ਪਾਤੜਾਂ, 17 ਅਗਸਤ
ਘੱਗਰ, ਮੋਮੀਆਂ ਡਰੇਨ ਅਤੇ ਹੋਰ ਨਾਲਿਆਂ ਦੇ ਹੜ੍ਹਾਂ ਦੀ ਮਾਰ ਝੱਲਦੇ ਦਰਜਨਾਂ ਪਿੰਡਾਂ ਦੇ ਲੋਕਾਂ ਨੇ ਜੰਮੂ ਕੱਟੜਾ ਐਕਸਪ੍ਰੈੱਸਵੇਅ ਦਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਭਵਿੱਖ ਵਿੱਚ ਹੜ੍ਹਾਂ ਦੀ ਮਾਰ ਤੋਂ ਬਚਣ ਲਈ ਲੋਕਾਂ ਨੇ ਐਕਸਪ੍ਰੈੱਸਵੇਅ ਨੂੰ ਪਿੱਲਰਾਂ ’ਤੇ ਬਣਾਉਣ ਦੀ ਮੰਗ ਲਈ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਦੇ ਨਾਂ ਮੰਗ ਪੱਤਰ ਸੌਂਪ ਕੇ ਚਿਤਾਵਨੀ ਦਿੱਤੀ ਕਿ ਜੇ ਨੈਸ਼ਨਲ ਹਾਈਵੇਅ ਅਥਾਰਟੀ ਨੇ ਉਨ੍ਹਾਂ ਦੀ ਮੰਗ ਵੱਲ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਇਲਾਕੇ ਦੇ ਸਹਿਯੋਗ ਨਾਲ ਸੰਘਰਸ਼ ਦਾ ਰਾਹ ਤਿਆਰ ਕਰਨਾ ਪਵੇਗਾ। ਇਸ ਮੌਕੇ ਸਰਪੰਚ ਚਿਮਨ ਲਾਲ ਰਸੌਲੀ, ਸਾਬਕਾ ਸਰਪੰਚ ਭੁਪਿੰਦਰ ਸਿੰਘ, ਸਾਬਕਾ ਸਰਪੰਚ ਸਤਨਾਮ ਸਿੰਘ ਹਰਪਾਲ ਸਿੰਘ ਤੇ ਜੀਓਜੀ ਨਫੇ ਸਿੰਘ ਨੇ ਕਿਹਾ ਕਿ ਹੜ੍ਹ ਪ੍ਰਭਾਵਿਤ ਸ਼ੁਤਰਾਣਾ, ਰਸੌਲੀ, ਕਰਤਾਰਪੁਰ, ਮੋਮੀਆਂ, ਝੀਲ, ਭੂੰਡਥੇਹ, ਸਧਾਰਨਪੁਰ ਆਦਿ ਦਰਜਨਾਂ ਪਿੰਡਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਦੋ ਕਿਲੋਮੀਟਰ ਤੋਂ ਵੱਧ ਲੰਮੇ ਐਕਸਪ੍ਰੈੱਸਵੇਅ ਦਾ ਨਿਰਮਾਣ ਪੁਲੀਆਂ ਦੀ ਥਾਂ ਪਿੱਲਰਾਂ ’ਤੇ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਐਕਸਪ੍ਰੈੱਸਵੇਅ ਨੂੰ 10 ਤੋਂ 12 ਫੁੱਟ ਉੱਚਾ, ਪੱਥਰ ਦੀਆਂ ਕੰਧਾਂ ਨਾਲ ਬਣਾਏ ਜਾਣ ਦੀ ਡਰਾਇੰਗ ਤਿਆਰ ਕੀਤੀ ਹੈ ਜੋ ਪਹਿਲਾਂ ਤੋਂ ਹੀ 8 ਤੋਂ 10 ਫੁੱਟ ਉਚੇ ਆਉਂਦੇ ਹੜ੍ਹਾਂ ਦੇ ਪਾਣੀ ਤੋਂ ਪ੍ਰਭਾਵਿਤ ਪਿੰਡਾਂ ਲਈ ਖ਼ਤਰਨਾਕ ਸਾਬਤ ਹੋਵੇਗੀ।
ਉਨ੍ਹਾਂ ਕਿਹਾ ਕਿ ਐਕਸਪ੍ਰੈੱਸਵੇਅ ਦੀ ਨਿਸ਼ਾਨਦੇਹੀ ਮੌਕੇ ਹੜ੍ਹਾਂ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਵਾਸਤੇ ਹੀ ਭਾਵੇਂ ਪੁਲੀਆਂ ਬਣਾਈਆਂ ਜਾਣੀਆਂ ਜਾਣ ਦੀ ਯੋਜਨਾ ਉਲੀਕੀ ਗਈ ਹੈ ਪਰ ਹੜ੍ਹ ਪ੍ਰਭਾਵਿਤ ਇਲਾਕੇ ਵਿੱਚੋਂ ਅਣ ਨਾਪੇ ਪਾਣੀ ਨੂੰ ਸੀਮਤ ਕਰਕੇ ਲੰਘਾਉਣਾ ਪਿੰਡਾਂ ਦੀ ਬਰਬਾਦੀ ਤੋਂ ਇਲਾਵਾ ਹੋਰ ਕੁਝ ਵੀ ਨਹੀਂ।