ਪੱਤਰ ਪ੍ਰੇਰਕ
ਸਮਾਣਾ, 26 ਅਕਤੂਬਰ
ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੇ ਆਗੂ ਅਤਿੰਦਰ ਪਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ਦੀਆਂ ਗਿਣਤੀਆਂ ਮਿਣਤੀਆਂ ਦੇਖਣ ਦੀ ਬਜਾਏ ਬਿਨਾਂ ਕਿਸੇ ਦੇਰੀ ਪੁਰਾਣੀ ਪੈਨਸ਼ਨ ਦੇ ਸਮੁੱਚੇ ਲਾਭ ਨੂੰ ਲਾਗੂ ਕਰਨ ਵਾਲਾ ਨੋਟੀਫਿਕੇਸ਼ਨ ਤੁਰੰਤ ਜਾਰੀ ਕਰੇ। ਫਰੰਟ ਦੀ ਸੂਬਾ ਕਮੇਟੀ ਨੇ ਕੈਬਨਿਟ ਦੇ ਫੈਸਲੇ ਦੀ ਪੜਚੋਲ ਕਰਕੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੁਰਾਣੀ ਪੈਨਸ਼ਨ ਦੇ ਨਾਂ ਹੇਠ ਸੋਧ ਕੇ ਜਾਂ ਤੋੜ ਮਰੋੜ ਕਰਕੇ ਕਿਸੇ ਨਵੇਂ ਲਿਆਂਦੇ ਫਾਰਮੂਲੇ ਨੂੰ ਪੁਰਾਣੀ ਪੈਨਸ਼ਨ ਲਾਗੂ ਨਾ ਕਰਨਾ ਹੀ ਮੰਨਿਆ ਜਾਵੇਗਾ ਅਤੇ ਜੋ ਮੁਲਾਜ਼ਮਾਂ ਨੂੰ ਉੱਕਾ ਹੀ ਮਨਜ਼ੂਰ ਨਹੀਂ ਹੋਵੇਗਾ। ਜ਼ਿਲ੍ਹਾ ਆਗੂਆਂ ਸਤਪਾਲ ਸਮਾਣਵੀਂ, ਜਗਤਾਰ ਰਾਮ, ਭਰਤ ਕੁਮਾਰ, ਜਗਜੀਤ ਜਟਾਣਾਂ, ਪਰਗਟ ਸਿੰਘ, ਕ੍ਰਿਸ਼ਨ ਚੁਹਾਣਕੇ ਅਤੇ ਹਰਮਿੰਦਰ ਸਮਾਣਾ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਸਪਸ਼ਟ ਕੀਤਾ ਕਿ ਐੱਨ.ਪੀ.ਐੱਸ ਮੁਲਾਜ਼ਮਾਂ ਨੂੰ ਨਵੀਂ ਜਾਂ ਪੁਰਾਣੀ ਪੈਨਸ਼ਨ ਵਿੱਚੋਂ ਇੱਕ ਦੀ ਸਹੂਲਤ ਦੇਣ ਦੀ ਬਜਾਏ 2004 ਤੋਂ ਪਹਿਲਾਂ ਲਾਗੂ ਪੁਰਾਣੀ ਪੈਨਸ਼ਨ ਸਕੀਮ ਨੂੰ ਹੂਬਹੂ ਲਾਗੂ ਕਰਨ ਸਬੰਧੀ ਜਾਰੀ ਨੋਟੀਫਿਕੇਸ਼ਨ ਨਾਲ ਹੀ ਐੱਨ.ਪੀ.ਐੱਸ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਦੀ ਮੰਗ ਪੂਰੀ ਹੋਵੇਗੀ। ਇਸ ਦੌਰਾਨ ਉਨ੍ਹਾਂ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ।