ਖੇਤਰੀ ਪ੍ਰਤੀਨਿਧ
ਪਟਿਆਲਾ, 22 ਸਤੰਬਰ
ਪੀਆਰਟੀਸੀ ਪੈਨਸ਼ਨਰਾਂ ਦੀ ਮੀਟਿੰਗ ਪੈਨਸ਼ਨਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਬੱਸ ਸਟੈਂਡ ’ਤੇ ਹੋਈ।
ਵੱਖ-ਵੱਖ ਡਿੱਪੂਆਂ ਦੇ ਬੁਲਾਰਿਆਂ ਨੇ ਅਗਸਤ ਦੀ ਕੇਵਲ ਅੱਧੀ ਪੈਨਸ਼ਨ ਪਾਉਣ ਅਤੇ ਬਾਕੀ ਦੀ ਅੱਧੀ ਪੈਨਸ਼ਨ ਤੇ ਰਹਿੰਦੇ ਹੋਰ ਬਕਾਇਆਂ ਸਬੰਧੀ ਧਾਰੀ ਚੁੱਪ ਦੀ ਨਿਖੇਧੀ ਕੀਤੀ। ਇਸ ਮੌਕੇ ਪੀ.ਆਰ.ਟੀ.ਸੀ. ਦੇ ਮੈਨੇਜਿੰਗ ਡਾਇਰੈਕਟਰ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।
ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਕੰਗਣਵਾਲ ਨੇ ਕਿਹਾ ਕਿ ਸਰਕਾਰ ਨੇ ਹਰ ਅਦਾਰੇ ਦੇ ਮੁਖੀਆਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਜਿੰਨਾ ਪੈਸਾ ਬਣਦਾ ਹੈ, ਉਹ ਸਰਕਾਰ ਕੋਲੋਂ ਲੈ ਕੇ ਮੁਲਾਜ਼ਮਾਂ ਦੀਆਂ ਤਨਖਾਹਾਂ, ਪੈਨਸ਼ਨਾਂ ਤੇ ਸਾਰੇ ਬਕਾਇਆਂ ਦੀ ਅਦਾਇਗੀ ਕੀਤੀ ਜਾਵੇ, ਪ੍ਰੰਤੂ ਸਾਡੇ ਪੈਨਸ਼ਨਰਾਂ ਦੀ ਅੱਧੀ ਪੈਨਸ਼ਨ ਹੀ ਪਾਈ ਗਈ ਹੈ ਤੇ ਰਹਿੰਦੀ ਪੈਨਸ਼ਨ ਤੇ ਹੋਰ ਬਕਾਇਆਂ ਦੀ ਅਦਾਇਗੀ ਸਬੰਧੀ ਮੈਨੇਜਮੈਂਟ ਵੱਲੋਂ ਧਾਰੀ ਚੁੱਪ, ਮੈਨੇਜਮੈਂਟ ਦੀ ਲਾਪ੍ਰਵਾਹੀ ਸਿੱਧ ਕਰਦੀ ਹੈ।
ਸਕੱਤਰ ਜਨਰਲ ਹਰੀ ਸਿੰਘ ’ਚਮਕ’ ਤੇ ਜਨਰਲ ਸਕੱਤਰ ਬਚਨ ਸਿੰਘ ਅਰੋੜਾ ਨੇ ਕਿਹਾ ਕਿ ਛੇ ਸਾਲਾਂ ਤੋਂ ਸਾਡੀ ਪੈਨਸ਼ਨ ਸਮੇਂ ਸਿਰ ਪੈਂਦੀ ਆ ਰਹੀ ਹੈ, ਪਰ ਹੁਣ ਪਿਛਲੇ ਪੰਜ ਮਹੀਨੇ ਤੋਂ ਪੈਨਸ਼ਨਾਂ ਲਈ ਸ਼ੰਘਰਸ਼ ਕਰਨਾ ਪੈ ਰਿਹਾ ਹੈ।