ਖੇਤਰੀ ਪ੍ਰਤੀਨਿਧ
ਪਟਿਆਲਾ, 20 ਜਨਵਰੀ
ਕਰੋਨਾ ਦੇ ਮੁੜ ਵਧੇ ਕਹਿਰ ਕਾਰਨ ਸਰਕਾਰ ਵੱਲੋਂ ਬੰਦ ਕੀਤੇ ਗਏ ਸਕੂਲਾਂ-ਕਾਲਜਾਂ ਨੂੰ ਅਜੇ 25 ਜਨਵਰੀ ਤੱਕ ਹੋਰ ਬੰਦ ਰੰਖਦ ਦੇ ਲਏ ਗਏ ਫੈਸਲੇ ਦਾ ਡੈਮੋਕ੍ਰੈਟਿਕ ਟੀਚਰਜ਼ ਫਰੰਟ (ਡੀਟੀਐੱਫ) ਨੇ ਸਖਤ ਵਿਰੋਧ ਕੀਤਾ ਹੈ। ਇਸ ਨੂੰ ਗ਼ੈਰਵਾਜਬ ਫੈਸਲਾ ਕਰਾਰ ਦਿੰਦਿਆਂ, ਅਧਿਆਪਕ ਆਗੂਆਂ ਨੇ ਲੱਖਾਂ ਵਿਦਿਆਰਥੀਆਂ ਨੂੰ ਸਿੱਖਣ ਸਿਖਾਉਣ ਦੀ ਪ੍ਰਕਿਰਿਆ ਵਿੱਚੋਂ ਬਾਹਰ ਕਰਨ ’ਤੇ ਗੰਭੀਰ ਚਿੰਤਾ ਜਤਾਈ।
ਪ੍ਰੈੱਸ ਸਕੱਤਰ ਗਗਨ ਰਾਣੂ ਵੱਲੋਂ ਅੱਜ ਇੱਥੇ ਜਾਰੀ ਕੀਤੇ ਗਏ ਬਿਆਨ ’ਚ ਡੀਟੀਐੱਫ਼ ਦੇ ਜ਼ਿਲ੍ਹਾ ਪ੍ਰਧਾਨ ਅਤਿੰਦਰਪਾਲ ਘੱਗਾ, ਜ਼ਿਲ੍ਹਾ ਸਕੱਤਰ ਹਰਵਿੰਦਰ ਰੱਖੜਾ ਅਤੇ ਵਿੱਤ ਸਕੱਤਰ ਭੁਪਿੰਦਰ ਸਿੰਘ ਨੇ ਕਿਹਾ ਕਿ ਕਰੋਨਾਵਾਇਰਸ ਦੇ ਨਵੇਂ ਰੂਪ ਓਮੀਕਰੋਨ ਕਾਰਨ ਵਧ ਰਹੇ ਕੇਸਾਂ ਅਤੇ ਇਸ ਕਾਰਨ ਲਗਾਈਆਂ ਜਾ ਰਹੀਆਂ ਸਖਤ ਪਾਬੰਦੀਆਂ ਤਰਕਹੀਣ ਅਤੇ ਆਪਾ-ਵਿਰੋਧੀ ਹਨ ਜਦ ਕਿ ਇਹ ਸਪੱਸ਼ਟ ਹੋ ਚੁੱਕਿਆ ਹੈ ਕਿ ਓਮੀਕਰੋਨ ਤੇਜ਼ੀ ਨਾਲ ਜ਼ਰੂਰ ਫੈਲਦਾ ਹੈ ਪਰ ਇਹ ਅਸਰ ਪੱਖੋਂ ਗੰਭੀਰ ਨਹੀਂ ਹੈ। ਦੂਜੇ ਪਾਸੇ ਵਿੱਦਿਅਕ ਸੰਸਥਾਵਾਂ ਬੰਦ ਕਰਨ ਨੂੰ ਖੁਦ ਵਿਸ਼ਵ ਬੈਂਕ ਵਰਗੀਆਂ ਸਾਮਰਾਜੀ ਸੰਸਥਾਵਾਂ ਵੀ ਗ਼ੈਰਵਾਜਬ ਮੰਨ ਰਹੀਆਂ ਹਨ।
ਡੀ.ਟੀ.ਐੱਫ. ਦੇ ਜ਼ਿਲ੍ਹਾ ਮੀਤ ਪ੍ਰਧਾਨਾਂ ਅਮਨਦੀਪ ਦੇਵੀਗੜ, ਰਾਮਸ਼ਰਨ ਨਾਭਾ, ਕੁਲਦੀਪ ਗੋਬਿੰਦਪੁਰਾ ਅਤੇ ਜਸਪਾਲ ਚੌਧਰੀ ਅਤੇ ਪ੍ਰੈਸ ਸਕੱਤਰ ਗਗਨ ਰਾਣੂ ਨੇ ਕਿਹਾ ਕਿ ਕਿਸੇ ਵੀ ਬਿਮਾਰੀ ਦੇ ਟਾਕਰੇ ਲਈ ਜਨਤਕ ਸਿਹਤ ਸਹੂਲਤਾਂ ਨੂੰ ਮਜ਼ਬੂਤ ਕਰਨ ਦੀ ਲੋੜ ਹੈ ਪ੍ਰੰਤੂ ਅਜਿਹਾ ਕਰਨ ਦੀ ਬਜਾਏ, ਵਾਇਰਸ ਪ੍ਰਤੀ ਸਭ ਤੋਂ ਜਿਆਦਾ ਪ੍ਰਤੀਰੋਧਕ ਵਰਗ ਭਾਵ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਨੂੰ ਸਿੱਖਿਆ ਵਿਹੁਣਾ ਬਣਾਉਣ ਵੱਲ ਧੱਕਿਆ ਜਾ ਰਿਹਾ ਹੈ।