ਪੱਤਰ ਪ੍ਰੇਰਕ
ਦੇਵੀਗੜ੍ਹ, 8 ਅਪਰੈਲ
ਲੋਕ ਸਭਾ ਇੰਚਾਰਜ ਅਤੇ ਸੀਨੀਅਰ ਆਪ ਆਗੂ ਇੰਦਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਇੱਕ ਵਫ਼ਦ ਸੈਰ ਸਪਾਟਾ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਮਿਲਿਆ।
ਉਨ੍ਹਾਂ ਨੂੰ ਮੰਗ ਪੱਤਰ ਦਿੰਦਿਆਂ ਮੰਗ ਕੀਤੀ ਕਿ ਹਲਕਾ ਸਨੌਰ ਦੇ ਇਤਿਹਾਸਿਕ ਪਿੰਡ ਘੜਾਮ ਨੂੰ ਟੂਰਿਜ਼ਮ ਪਲੇਸ ਵਜੋਂ ਪ੍ਰੋਮੋਟ ਕਰਨ ਦੀ ਬੇਹੱਦ ਲੋੜ ਹੈ। ਇਸ ਜਗ੍ਹਾ ਗੁਰੂ ਗੋਬਿੰਦ ਸਿੰਘ ਅਤੇ ਪੀਰ ਭੀਖਮ ਸ਼ਾਹ ਦਾ ਮਿਲਾਪ ਹੋਇਆ ਸੀ। ਇਤਿਹਾਸਿਕ ਕਿਲ੍ਹਾ ਜਿਸ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਫ਼ੌਜਾਂ ਨੇ ਢਹਿ-ਢੇਰੀ ਕੀਤਾ ਸੀ, ਵੀ ਉਸੇ ਪੁਜੀਸ਼ਨ ਵਿੱਚ ਹੈ। ਇਸ ਤੋਂ ਇਲਾਵਾ ਪਟਿਆਲਾ ਦੇ ਕਿਲਾ ਮੁਬਾਰਕ, ਰਾਜਿੰਦਰਾ ਝੀਲ, ਵੱਡੀ ਬਾਰਾਂਦਰੀ, ਸਮਾਣਾ ਸ਼ਹਿਰ ਚ ਪੰਜ ਪੀਰਾਂ ਦੀ ਜਗਾ, ਨਾਭਾ ਦੇ ਹੀਰਾ ਮਹਿਲ ਨੂੰ ਟੂਰਿਜ਼ਮ ਪਲੇਸ ਵਜੋਂ ਵਿਕਸਤ ਕੀਤਾ ਜਾਵੇ। ਇਸ ਮੌਕੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਫ਼ਦ ਨੂੰ ਭਰੋਸਾ ਦੁਆਇਆ ਕਿ ਪਟਿਆਲਾ ਨਾਲ ਸਬੰਧਿਤ ਬਹੁਤੇ ਪ੍ਰਾਜੈਕਟਾਂ ’ਤੇ ਕੰਮ ਚੱਲ ਰਿਹਾ ਹੈ ਅਤੇ ਬਾਕੀ ਸਭ ਥਾਵਾਂ ਦਾ ਜਲਦੀ ਜਾਇਜ਼ਾ ਲਿਆ ਜਾਵੇਗਾ।