ਪੱਤਰ ਪ੍ਰੇਰਕ
ਦੇਵੀਗੜ੍ਹ, 27 ਜੂਨ
ਪੰਜਾਬ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਹਲਕਾ ਸਨੋਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਅੱਜ ਇਤਿਹਾਸਕ ਪਿੰਡ ਘੜਾਮ ਨੂੰ ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕਰਨ ਦੀ ਮੰਗ ਨੂੰ ਉਠਾਇਆ। ਸ੍ਰੀ ਪਠਾਣਮਾਜਰਾ ਨੇ ਕਿਹਾ ਕਿ ਇਤਿਹਾਸਕ ਪਿੰਡ ਸਿੱਖ, ਹਿੰਦੂ ਅਤੇ ਮੁਸਲਮਾਨਾਂ ਦਾ ਸਾਂਝਾ ਨਗਰ ਹੈ। ਇੱਥੇ ਪੀਰ ਭੀਖਮ ਸ਼ਾਹ ਪੈਦਾ ਹੋਏ। ਇੱਥੇ ਪੀਰ ਭੀਖਮ ਸ਼ਾਹ ਨੂੰ ਮਿਲਣ ਗੁਰੂ ਗੋਬਿੰਦ ਸਿੰਘ ਜੀ ਆਏ ਸਨ। ਇਸ ਤੋਂ ਇਲਾਵਾ ਪਿੰਡ ਘੜਾਮ ਵਿੱਚ ਰਾਮ ਚੰਦਰ ਜੀ ਦੇ ਨਾਨਕੇ ਵੀ ਦੱਸੇ ਜਾਂਦੇ ਹਨ। ਇਸ ਥਾਂ ’ਤੇ ਬਾਬਾ ਬੰਦਾ ਸਿੰਘ ਨੇ ਘੜਾਮ ਦੇ ਕਿਲੇ ਨੂੰ ਵੀ ਸਰ ਕੀਤਾ ਸੀ। ਉਨ੍ਹਾਂ ਕਿਹਾ ਕਿ ਪਿਛਲੀਆਂ ਸਮੇਂ ਸਮੇਂ ਦੀਆਂ ਸਰਕਾਰਾਂ 1976 ਅਤੇ 2012 ਵਿਚ ਘੜਾਮ ਦੇ ਕਿਲੇ ਦੀ ਖੁਦਾਈ ਕਰਵਾਈ ਸੀ। 2019 ਵਿੱਚ ਫਿਰ ਪੰਜਾਬ ਸਰਕਾਰ ਨੇ ਪੁਰਾਤਤਵ ਵਿਭਾਗ ਨੂੰ ਖੁਦਾਈ ਕਰਵਾਉਣ ਲਈ ਚਿੱਠੀ ਲਿਖੀ ਸੀ ਪਰ ਇਸ ਕੰਮ ਨੂੰ ਅੱਗੇ ਨਹੀਂ ਤੋਰਿਆ ਗਿਆ। ਵਿਧਾਇਕ ਪਠਾਣਮਾਜਰਾ ਨੇ ਕਿਹਾ ਕਿ ਐਨਾ ਇਤਿਹਾਸਕ ਪਿੰਡ ਹੋਣ ਕਰ ਕੇ ਇੱਥੇ ਸਰਕਾਰ ਵੱਲੋਂ ਕੋਈ ਇਤਿਹਾਸਕ ਸਥਾਨ ਨਹੀਂ ਬਣਾਇਆ ਗਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਇਤਿਹਾਸਕ ਪਿੰਡ ਘੜਾਮ ਨੂੰ ਟੂਰਿਜ਼ਮ ਕੇਂਦਰ ਵਜੋਂ ਵਿਕਸਤ ਕੀਤਾ ਜਾਵੇ। ਇਸ ਮੌਕੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਿਧਾਇਕ ਪਠਾਣਮਾਜਰਾ ਨੂੰ ਉਨ੍ਹਾਂ ਦੀ ਮੰਗ ਪੂਰੀ ਕਰਨ ਦਾ ਵਿਸ਼ਵਾਸ ਦਿਵਾਇਆ।