ਪੱਤਰ ਪ੍ਰੇਰਕ
ਦੇਵੀਗੜ੍ਹ, 10 ਅਗਸਤ
ਕੁਲ ਹਿੰਦ ਕਿਸਾਨ ਸਭਾ ਤਹਿਸੀਲ ਪਟਿਆਲਾ ਦਾ 40ਵਾਂ ਡੈਲੀਗੇਟ ਅਜਲਾਸ ਦੇਵੀਗੜ੍ਹ ਵਿੱਚ ਦਲਬੀਰ ਸਿੰਘ ਕਾਠਗੜ੍ਹ, ਕਾਮਰੇਡ ਰਮੇਸ਼ ਆਜ਼ਾਦ ਅਤੇ ਜੈ ਰਾਮ ਭਾਨਰਾ ਦੀ ਪ੍ਰਧਾਨਗੀ ਹੇਠ ਹੋਇਆ। ਇਸ ਮੌਕੇ ਝੰਡਾ ਲਹਿਰਾਉਣ ਦੀ ਰਸਮ ਗੁਰਦਰਸ਼ਨ ਸਿੰਘ ਖਾਸਪੁਰ ਨੇ ਕੀਤੀ। ਇਸ ਮੌਕੇ ਸੋਗ ਮਤਾ ਪੇਸ਼ ਕਰਨ ਉਪਰੰਤ ਸਾਥੀ ਧਰਮਪਾਲ ਸਿੰਘ ਸੀਲ ਨੇ ਉਦਘਾਟਨੀ ਭਾਸ਼ਨ ਦਿੱਤਾ। ਸਾਥੀ ਰਮੇਸ਼ ਆਜ਼ਾਦ ਨੇ ਰਿਪੋਰਟ ਪੇਸ਼ ਕੀਤੀ। ਇਸ ਦੌਰਾਨ ਪੰਜ ਸਾਥੀਆਂ ਨੇ ਰਿਪੋਰਟ ’ਤੇ ਬਹਿਸ ਕੀਤੀ। ਇਸ ਉਪਰੰਤ ਸਾਥੀ ਗੁਰਦਰਸ਼ਨ ਸਿੰਘ ਖਾਸਪੁਰ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ। ਇਸ ਦੌਰਾਨ ਦਲਬੀਰ ਸਿੰਘ ਕਾਠਗੜ੍ਹ ਨੂੰ ਪ੍ਰਧਾਨ, ਦਵਿੰਦਰ ਸਿੰਘ ਬੀਬੀਪੁਰ ਨੂੰ ਸਕੱਤਰ ਅਤੇ ਦਰਸ਼ਨ ਸਿੰਘ ਨੂੰ ਖਜ਼ਾਨਚੀ ਚੁਣਿਆ ਗਿਆ। ਇਸ ਮੌਕੇ ਜ਼ਿਲ੍ਹਾ ਡੈਲੀਗੇਟ ਅਜਲਾਸ ਲਈ 15 ਡੈਲੀਗੇਟਾਂ ਦੀ ਚੋਣ ਕੀਤੀ ਗਈ। ਸਾਥੀ ਸੁੱਚਾ ਸਿੰਘ ਅਤੇ ਜੈ ਰਾਮ ਭਾਨਰਾ ਨੇ ਭਰਾਤਰੀ ਸੰਦੇਸ਼ ਦਿੱਤਾ। ਅੰਤ ਵਿੱਚ ਦਲਬੀਰ ਸਿੰਘ ਕਾਠਗੜ੍ਹ ਨੇ ਸੰਯੁਕਤ ਕਿਸਾਨ ਮੋਰਚੇ ਦੇ ਐਕਸ਼ਨਾਂ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਅਤੇ ਪਿੰਡਾਂ ਵਿੱਚ ਕਿਸਾਨ ਸਭਾ ਦੀਆਂ ਕਮੇਟੀਆਂ ਬਣਾਉਣ ਦੀ ਵੀ ਅਪੀਲ ਕੀਤੀ।