ਖੇਤਰੀ ਪ੍ਰਤੀਨਿਧ
ਪਟਿਆਲਾ, 28 ਅਪਰੈਲ
ਇੱਥੋਂ ਦੇ ਸਰਕਾਰੀ ਬਿਕਰਮ ਕਾਲਜ ਆਫ ਕਾਮਰਸ ਵਿੱਚ ਪ੍ਰਿੰਸੀਪਲ ਡਾ. ਕੁਸੁਮ ਲਤਾ ਦੀ ਰਹਿਨੁਮਾਈ ’ਚ ਕਰਵਾਈ ਗਈ ਸਾਲਾਨਾ ਕਾਨਵੋਕੇਸ਼ਨ ਦੌਰਾਨ 286 ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਗਈਆਂ। ਇਹ ਰਸਮ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬੀ ਯੂਨੀਵਰਸਿਟੀ ਦੇ ਵੀ.ਸੀ ਪ੍ਰੋ. ਅਰਵਿੰਦ ਨੇ ਅਦਾ ਕੀਤੀ ਜਿਸ ਦੌਰਾਨ ਉਨ੍ਹਾਂ ਨੇ 255 ਗਰੈਜੂਏਟ ਤੇ 31 ਪੋਸਟ ਗਰੈਜੂਏਟ ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਉਨ੍ਹਾਂ ਨੇ ਜਿੱਥੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ, ਉੱਥੇ ਹੀ ਕਾਲਜ ਪ੍ਰਬੰਧਕਾਂ ਅਤੇ ਸਟਾਫ਼ ਦੀ ਸੁਚੱਜੀ ਕਾਰਗੁਜ਼ਾਰੀ ਨੂੰ ਵੀ ਸਰਾਹਿਆ।
ਕਾਲਜ ਪ੍ਰਿੰਸੀਪਲ ਡਾ. ਕੁਸਮ ਲਤਾ ਨੇ ਵਿਦਿਆਰਥੀਆਂ ਦੀਆਂ ਅਕਾਦਮਿਕ ਅਤੇ ਸਹਿ-ਅਕਾਦਮਿਕ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਦੀ ਮੈਰਿਟ ਸੂਚੀ ਵਿੱਚ ਹਰ ਸਾਲ ਇਸ ਕਾਲਜ ਦੇ ਵਿਦਿਆਰਥੀ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕਰਦੇ ਹਨ। ਸੈਸ਼ਨ 2018-19 ਲਈ ਕਾਲਜ ਦੀ ਐੱਮ.ਕਾਮ ਦੀ ਵਿਦਿਆਰਥਣ ਦੀਕਸ਼ਾ ਬਾਂਸਲ ਨੂੰ ਚਾਂਸਲਰ ਐਵਾਰਡ, ਬੀ.ਕਾਮ ਦੀ ਵੰਦਨਾ ਨੂੰ ਗੋਲਡ ਮੈਡਲ ਅਤੇ ਐੱਮ.ਐੱਸ.ਸੀ (ਆਈ.ਟੀ) ਦੀ ਵਿਦਿਆਰਥਣ ਰੁਪਿੰਦਰ ਕੌਰ ਨੂੰ ਸਿਲਵਰ ਮੈਡਲ ਨਾਲ ਨਿਵਾਜਿਆ ਗਿਆ।
ਪ੍ਰੋ. ਰਾਮ ਕੁਮਾਰ (ਰਜਿਸਟਰਾਰ ਘਰੇਲੂ ਪ੍ਰੀਖਿਆਵਾਂ) ਨੇ ਬਤੌਰ ਕੋਆਰਡੀਨੇਟਰ ਡਿਊਟੀ ਨਿਭਾਈ। ਇਸ ਮੌਕੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਮੈਨੇਜਮੈਂਟ ਕਮੇਟੀ, ਬਿਕਰਮ ਅਲੂਮਨੀ (ਗਲੋਬਲ) ਐਸੋਸੀਏਸ਼ਨ, ਪੀ.ਟੀ.ਏ. ਅਤੇ ਐਚ.ਈ.ਆਈ.ਐਸ ਸੁਸਾਇਟੀ ਦੇ ਨੁਮਾਇੰਦਿਆਂ ਨੇ ਵੀ ਸ਼ਿਰਕਤ ਕੀਤੀ। ਸਾਬਕਾ ਪ੍ਰਿੰਸੀਪਲ ਡਾ. ਆਰ.ਕੇ. ਸ਼ਰਮਾ, ਰਬੰਸ ਬਾਂਸਲ, ਰਾਜੀਵ ਗੋਇਲ, ਉਮੇਸ਼ ਘਈ, ਤਰਸੇਮ ਬਾਂਸਲ, ਚਰਨਜੀਤ ਕੌਰ, ਡਾ. ਜਸਪ੍ਰੀਤ ਕੌਰ ਆਦਿ ਸਟਾਫ਼ ਮੈਂਬਰ ਅਤੇ ਵਿਦਿਆਰਥੀ ਵੀ ਹਾਜ਼ਰ ਰਹੇ।