ਸਰਬਜੀਤ ਸਿੰਘ ਭੰਗੂ
ਪਟਿਆਲਾ, 19 ਅਕਤੂਬਰ
ਇੱਥੋਂ ਦੇ ਦੀਪ ਨਗਰ ਵਿੱਚ 18 ਅਕਤੂਬਰ ਦੀ ਰਾਤ ਨੂੰ ਚੋਰੀ ਕਰਦਿਆਂ ਫੜੇ ਜਾਣ ’ਤੇ ਬਰਫ਼ ਵਾਲੇ ਸੂਏ ਨਾਲ ਕਤਲ ਕਰ ਕੇ ਫਰਾਰ ਹੋਏ ਮੁਲਜ਼ਮ ਨੂੰ ਥਾਣਾ ਤ੍ਰਿਪੜੀ ਦੀ ਪੁਲੀਸ ਨੇ ਕੁਝ ਹੀ ਘੰਟਿਆਂ ’ਚ ਕਾਬੂ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਗੁਰਮੀਤ ਸਿੰਘ ਜੀਤਾ ਵਾਸੀ ਵਿਕਾਸ ਨਗਰ ਵਜੋ ਹੋਈ ਹੈ। ਚੋੋਰੀ ਕਰਨ ਲਈ ਘਰ ’ਚ ਦਾਖ਼ਲ ਹੋਣ ’ਤੇ ਖੜਕਾ ਸੁਣ ਕੇ ਪਰਿਵਾਰ ਦੇ ਨੌਜਵਾਨ ਮੈਂਬਰ ਰਮਨਦੀਪ ਸਿੰਘ ਤੇ ਹੋਰਾਂ ਨੇ ਜੀਤੇ ਨੂੰ ਜੱਫਾ ਮਾਰ ਲਿਆ ਸੀ। ਇਸ ਦੌਰਾਨ ਮੁਲਜ਼ਮ ਰਮਨਦੀਪ ਦੇ ਪਿਤਾ 50 ਸਾਲਾ ਭਾਨ ਸਿੰੰਘ ਨੂੰ ਬਰਫ਼ ਵਾਲਾ ਸੂਆ ਮਾਰ ਕੇ ਫਰਾਰ ਹੋ ਗਿਆ ਸੀ ਤੇ ਭਾਨ ਸਿੰਘ ਦੀ ਹਸਪਤਾਲ ਜਾ ਕੇ ਮੌਤ ਹੋ ਗਈ ਸੀ। ਇਹ ਜਾਣਕਾਰੀ ਐੱਸ.ਪੀ. ਸਿਟੀ ਵਰੁਨ ਸ਼ਰਮਾ ਨੇ ਦਿੱਤੀ।
ਇਸੇ ਦੌਰਾਨ ਥਾਣਾ ਸਦਰ ਅਧੀਨ ਪੈਂਦੇ ਕਸਬਾ ਬਹਾਦਰਗੜ੍ਹ ਵਿੱਚ ਹੋਏ ਅੰਨ੍ਹੇ ਕਤਲ ਦੇ ਮਾਮਲੇ ਨੂੰ ਸੁਲ਼ਝਾਉਂਦਿਆਂ ਪੁਲੀਸ ਨੇ ਮੁਲਜ਼ਮ ਨੂੰ ਕਾਬੂ ਕਰ ਕੇ ਉਸ ਦੇ ਕਬਜ਼ੇ ਵਿੱਚੋਂ ਕਤਲ ਲਈ ਵਰਤੇ ਗਏ ਹਥਿਆਰ ਵੀ ਬਰਾਮਦ ਕਰ ਲਈਆਂ ਹਨ। ਥਾਣਾ ਸਦਰ ਇਲਾਕੇ ’ਚ ਰਿਸ਼ਵ ਮੁਖੀਜਾ ਦੇ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਦਿਆਂ ਪੁਲੀਸ ਨੇ ਮੁਲਜ਼ਮ ਗੁਰਸੇਵਕ ਸਿੰਘ ਲਾਡੀ ਵਾਸੀ ਬਹਾਦਰਗੜ੍ਹ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਭੇਤਭਰੀ ਹਾਲਤ ਵਿਚ ਲਾਪਤਾ ਹੋਏ ਰਿਸ਼ਵ ਦੀ ਲਾਸ਼ ਬਹਾਦਰਗੜ੍ਹ ’ਚ ਬੰਦ ਪਏ ਪੈਟਰੋਲ ਪੰਪ ਤੋਂ ਮਿਲੀ ਸੀ।