ਪੱਤਰ ਪ੍ਰੇਰਕ
ਰਾਜਪੁਰਾ, 25 ਅਗਸਤ
ਇਥੋਂ ਦੇ ਵਸਨੀਕ ਇੱਕ ਵਿਅਕਤੀ ਦੀ ਗੈਰੇਜ ਵਿੱਚ ਖੜ੍ਹੀ ਸਕਾਰਪਿਓ ਗੱਡੀ ਦਾ ਟੋਲ ਪਲਾਜ਼ਾ ਸ਼ੰਭੂ ਤੋਂ ਟੌਲ ਫੀਸ ਕੱਟੇ ਜਾਣ ਦੇ ਮਾਮਲੇ ਨੇ ਸਬੰਧਤ ਪਰਿਵਾਰ ਨੂੰ ਦੁਚਿੱਤੀ ਵਿੱਚ ਪਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਪਿੰਡ ਭੂਰੀਮਾਜਰਾ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਸਕਾਰਪੀਓ ਗੱਡੀ ਹੈ। ਇਹ ਗੱਡੀ ਕਾਲਕਾ ਰੋਡ ’ਤੇ ਸਥਿਤ ਉਸ ਦੇ ਘਰ ਤੋਂ ਕੁਝ ਦੂਰੀ ’ਤੇ ਗੈਰੇਜ ਵਿੱਚ ਖੜ੍ਹੀ ਕੀਤੀ ਹੋਈ ਸੀ। ਪ੍ਰੰਤੂ ਇਸੇ ਦੌਰਾਨ ਅੱਜ ਸਵੇਰੇ ਉਸ ਦੇ ਮੋਬਾਈਲ ਫੋਨ ’ਤੇ ਟੌਲ ਪਲਾਜ਼ਾ ਸ਼ੰਭੂ ਬੈਰੀਅਰ ਤੋਂ ਗੱਡੀ ਦੇ ਟੌਲ ਪਾਰ ਕਰਨ ਦਾ ਸੰਦੇਸ਼ ਆਇਆ ਤੇ ਉਸ ਦੇ ਅਕਾਊਂਟ ਵਿੱਚੋਂ 75 ਰੁਪਏ ਦੀ ਰਾਸ਼ੀ ਦੀ ਕਟੌਤੀ ਹੋ ਗਈ। ਮੋਬਾਈਲ ਤੋਂ ਸੰਦੇਸ਼ ਪੜ੍ਹਦੇ ਸਾਰ ਪਰਿਵਾਰ ਦੁਚਿੱਤੀ ਵਿੱਚ ਪੈ ਗਿਆ ਅਤੇ ਜਦੋਂ ਉਨ੍ਹਾਂ ਨੇ ਗੈਰਿਜ ਵਿੱਚ ਜਾ ਕੇ ਵੇਖਿਆ ਤਾਂ ਗੈਰਿਜ ਵਿੱਚ ਉਨ੍ਹਾਂ ਦੀ ਗੱਡੀ ਖੜ੍ਹੀ ਸੀ ਜਿਸ ਤੋਂ ਉਨ੍ਹਾਂ ਨੇ ਹੈਰਾਨਗੀ ਪ੍ਰਗਟ ਕੀਤੀ ਅਤੇ ਬਿਨਾਂ ਗੱਡੀ ਦੇ ਟੌਲ ਪਲਾਜ਼ਾ ਪਾਰ ਕੀਤੇ ਜਾਣ ਤੋਂ ਉਨ੍ਹਾਂ ਕੋਲੋ ਟੋਲ ਫੀਸ ਕਿਉਂ ਵਸੂਲੀ ਗਈ। ਸੁਖਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਇਸ ਸਬੰਧੀ ਉਹ ਟੌਲ ਪਲਾਜ਼ੇ ਦੇ ਪ੍ਰਬੰਧਕਾਂ ਖਿਲਾਫ ਪੁਲੀਸ ਕੋਲ ਸ਼ਿਕਾਇਤ ਕਰਨਗੇ ਤਾਂ ਜੋ ਸੱਚ ਸਾਹਮਣੇ ਆ ਸਕੇ। ਇਸ ਸਬੰਧੀ ਸੰਪਰਕ ਕਰਨ ’ਤੇ ਟੌਲ ਪਲਾਜ਼ਾ ਸ਼ੰਭੂ ਬੈਰੀਅਰ ਦੇ (ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ) ਅਧਿਕਾਰੀ ਅਸ਼ੀਸ਼ ਬਾਂਸਲ ਦਾ ਕਹਿਣਾ ਸੀ ਕਿ ਜੇਕਰ ਗੱਡੀ ਦੇ ਟੌਲ ਪਲਾਜ਼ਾ ਤੋਂ ਨਾ ਗੁਜ਼ਰਨ ’ਤੇ ਅਕਾਊਂਟ ਵਿੱਚੋਂ ਪੈਸੇ ਕੱਟੇ ਗਏ ਹਨ ਤਾਂ ਉਹ 24 ਘੰਟਿਆਂ ਵਿੱਚ ਵਾਪਸ ਆ ਜਾਣਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਅਕਾਊਂਟ ਦੀ ਜਾਣਕਾਰੀ ਉਨ੍ਹਾਂ ਦੀ ਈ-ਮੇਲ ’ਤੇ ਪਾਈ ਜਾਵੇਗੀ ਤੇ ਯੋਗ ਕਾਰਵਾਈ ਕੀਤੀ ਜਾਵੇਗੀ।