ਪੱਤਰ ਪ੍ਰੇਰਕ
ਪਟਿਆਲਾ, 18 ਮਈ
ਗਿਆਨਦੀਪ ਸਾਹਿਤ ਸਾਧਨਾ ਮੰਚ (ਰਜਿ:) ਪਟਿਆਲਾ ਵੱਲੋਂ ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਇੱਕ ਸਾਹਿਤਕ ਸਮਾਗਮ ਦੌਰਾਨ ਹਰਦੇਵ ਸਿੰਘ ‘ਪ੍ਰੀਤ’ ਦੇ ਕਹਾਣੀ ਸੰਗ੍ਰਹਿ ‘ਮੁੱਦਾ ਖ਼ਤਮ’ ਅਤੇ ਨਾਵਲ ‘ਤੇਰੇ ਭਾਣੇ’ ਦੇ ਦੂਜੇ ਸੰਸਕਰਨ ਨੂੰ ਲੋਕ ਅਰਪਣ ਕੀਤਾ ਗਿਆ। ਸਮਾਗਮ ਦਾ ਆਗਾਜ਼ ਸੁਰਿੰਦਰ ਕੌਰ ਵੱਲੋਂ ਗਾਇਨ ਕੀਤੇ ਪਾਵਨ ਸ਼ਬਦ ਨਾਲ ਹੋਇਆ। ਜਨਰਲ ਸਕੱਤਰ ਬਲਬੀਰ ਜਲਾਲਾਬਾਦੀ ਦੇ ਮੰਚ ਸੰਚਾਲਨ ਵਿਚ ਚੱਲੇ ਇਸ ਸਮਾਗਮ ਵਿਚ ਮੰਚ ਦੇ ਪ੍ਰਧਾਨ ਡਾ. ਜੀ.ਐੱਸ. ਅਨੰਦ ਨੇ ਮੰਚ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ। ਮੁੱਖ ਮਹਿਮਾਨ ਵਜੋਂ ਪੁੱਜੇ ਸੁਖਦੇਵ ਸਿੰਘ ਸ਼ਾਂਤ ਨੇ ਦੋਹਰੀ ਭੂਮਿਕਾ ਨਿਭਾਉਂਦਿਆਂ ਪੁਸਤਕ ‘ਮੁੱਦਾ ਖ਼ਤਮ’ ’ਤੇ ਭਾਵਪੂਰਤ ਪੇਪਰ ਪੜ੍ਹਿਆ। ਡਾ. ਮੀਤ ਖੱਟੜਾ ਨੇ ਕਿਹਾ ਕਿ ਲੇਖਕ ਨੇ ਆਪਣੀ ਪੁਸਤਕ ‘ਮੁੱਦਾ ਖ਼ਤਮ’ ਵਿੱਚ ਜਾਤਪਾਤੀ ਪਾੜੇ ਦੇ ਸੰਕਟ ਨੂੰ ਮੇਟਣ ਦਾ ਅਹਿਦ ਲੈਂਦਿਆਂ ਸੁਨੇਹਾ ਦਿੱਤਾ ਹੈ । ਇਸ ਮੌਕੇ ਦਰਸ਼ਨ ਸਿੰਘ ਬਨੂੜ, ਸੁਖਦੇਵ ਸਿੰਘ ਢੀਂਡਸਾ, ਬੱਚੀ ਇਮਾਨਪ੍ਰੀਤ ਕੌਰ ਸਮੇਤ ਨਰੇਸ਼ ਕੁਮਾਰੀ ਨਿਊਜ਼ੀਲੈਂਡ ਅਤੇ ਕੁਲਵੰਤ ਸੈਦੋਕੇ ਨੇ ਵੀ ਹਿੱਸਾ ਲਿਆ। ਕਵਿਤਾ ਦੇ ਸੈਸ਼ਨ ਵਿੱਚ ਕਵੀ ਗੁਰਚਰਨ ਪੱਬਾਰਾਲੀ, ਹਰੀਦੱਤ ਹਬੀਬ ਗੁਰਦਰਸ਼ਨ ਸਿੰਘ ਗੁਸੀਲ, ਬਚਨ ਸਿੰਘ ਗੁਰਮ, ਚੰਨ ਪਟਿਆਲਵੀ, ਚਰਨ ਪੁਆਧੀ, ਸਤੀਸ਼ ਵਿਦਰੋਹੀ, ਜਸਵੀਰ ਚੋਟੀਆਂ ਮੱਖਣ ਸਿੰਘ ਸੇਖੂਵਾਸ ਬਲਵਿੰਦਰ ਸਿੰਘ ਰਾਜ਼ ਆਦਿ ਨੇ ਹਿੱਸਾ ਲਿਆ।