ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 26 ਦਸੰਬਰ
ਪੰਜਾਬੀ ਯੂਨੀਵਰਸਿਟੀ ਕੈਂਪਸ ਪਟਿਆਲਾ ਵਿੱਚ ਪੰਜਾਬੀ ਵਿਭਾਗ ਦੀ ਅਸਿਸਟੈਂਟ ਪ੍ਰੋਫੈਸਰ ਅਤੇ ਸਟੇਟ ਐਵਾਰਡੀ ਡਾ. ਰਾਜਵੰਤ ਕੌਰ ‘ਪੰਜਾਬੀ’ ਰਚਿਤ ਪੁਸਤਕ ‘ਡੂੰਘੀ ਢਾਬ ਵਣਾਂ ਦੇ ਓਹਲੇ’ ਦਾ ਪੰਜਾਬ ਦੇ ਦੋ ਸਾਬਕਾ ਡਿਪਟੀ ਕਮਿਸ਼ਨਰਾਂ ਜੀ.ਕੇ.ਸਿੰਘ, ਆਈਏਐੱਸ ਅਤੇ ਡਾ. ਕਰਮਜੀਤ ਸਿੰਘ ਸਰਾ, ਆਈਏਐੱਸ ਵੱਲੋਂ ਸਾਂਝੇ ਤੌਰ ’ਤੇ ਲੋਕ ਅਰਪਣ ਕੀਤਾ ਗਿਆ। ਪੰਜਾਬੀ ਯੂਨੀਵਰਸਿਟੀ ਵਿੱਚ ਸਾਹਿਤ ਅਕਾਦਮੀ ਐਵਾਰਡੀ ਡਾ. ਦਰਸ਼ਨ ਸਿੰਘ ਆਸ਼ਟ ਦੀ ਰਿਹਾਇਸ਼ ’ਤੇ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜਾਬੀ ਮਾਂ ਬੋਲੀ ਦੇ ਹਿਤੈਸ਼ੀ ਅਤੇ ਲੇਖਕ ਜੀ.ਕੇ.ਸਿੰਘ ਨੇ ਡਾ. ਰਾਜਵੰਤ ਕੌਰ ਪੰਜਾਬੀ ਨੂੰ ਵਧਾਈ ਦਿੰਦਿਆਂ ਆਸ ਪ੍ਰਗਟਾਈ ਕਿ ਇਸ ਪ੍ਰਤਬਿੱਧ ਲੇਖਿਕਾ ਵਿਚ ਪੰਜਾਬੀ ਲੋਕਧਾਰਾ ਅਤੇ ਸਭਿਆਚਾਰ ਦੇ ਅਣਗੌਲੇ ਪੱਖਾਂ ਨੂੰ ਉਜਾਗਰ ਕਰਨ ਦੀ ਸੰਭਾਵਨਾ ਹੈ। ਡਾ. ਕਰਮਜੀਤ ਸਿੰਘ ਸਰਾ ਨੇ ਡਾ. ਪੰਜਾਬੀ ਨੂੰ ਇਸ ਨਵੀਂ ਪ੍ਰਾਪਤੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਤੇ ਕਿਹਾ ਕਿ ਪੂਰੇ ਪਰਿਵਾਰ ਦਾ ਪੰਜਾਬੀ ਮਾਂ ਬੋਲੀ ਦੀ ਸੇਵਾ ਪ੍ਰਤੀ ਜਜ਼ਬਾ ਮਾਣ ਵਾਲੀ ਗੱਲ ਹੈ। ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ ਵੱਲੋਂ ਛਾਪੀ ਗਈ ਇਸ ਪੁਸਤਕ ਦਾ ਉੱਘੇ ਸ਼੍ਰੋਮਣੀ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਨੇ ਵੀ ਵਿਸ਼ੇਸ਼ ਸਵਾਗਤ ਕੀਤਾ।