ਪੱਤਰ ਪ੍ਰੇਰਕ
ਰਾਜਪੁਰਾ, 1 ਜੂਨ
ਇਥੋਂ ਦੀ ਪੁਰਾਣੀ ਕਚਹਿਰੀ ਨੇੜਲੇ ਗੁਰਦੁਆਰਾ ਸ੍ਰੀ ਸੁਖਮਨੀ ਸੇਵਾ ਸੁਸਾਇਟੀ ਦੀ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸਬੰਧੀ ਨਗਰ ਕੀਰਤਨ ਸਜਾਇਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਨੇ ਕੀਤੀ। ਨਗਰ ਕੀਰਤਨ ਵਿੱਚ ਸ਼ਾਮਲ ਸੰਗਤ ਨੂੰ ਕਥਾ ਕੀਰਤਨੀ ਜਥਿਆਂ ਵੱਲੋਂ ਨਿਹਾਲ ਕੀਤਾ ਗਿਆ। ਨਿਰਵੈਰ ਖਾਲਸਾ ਗੱਤਕਾ ਅਖਾੜਾ ਦੇ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵਿਖਾਏ ਗਏ। ਇਸ ਦੇ ਮਾਰਗ ਦੌਰਾਨ ਆਉਂਦੇ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਰੁਮਾਲੇ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ ਗਏ। ਨਗਰ ਕੀਰਤਨ ਗੁਰਦੁਆਰਾ ਸੁਖਮਨੀ ਸੇਵਾ ਸੁਸਾਇਟੀ ਤੋਂ ਆਰੰਭ ਹੋ ਕੇ ਡਾਲੀਮਾ ਵਿਹਾਰ, ਪੰਚਰੰਗਾ ਚੌਕ, ਟਾਹਲੀ ਵਾਲਾ ਚੌਕ, ਕੇਂਦਰੀ ਗੁਰਦੁਆਰਾ ਸਿੰਘ ਸਭਾ, ਜਪੁ ਸਾਹਿਬ ਅਤੇ ਗੁਰਦੁਆਰਾ ਪਾਤਸ਼ਾਹੀ ਨੌਵੀਂ ਮਹਿੰਦਰਗੰਜ ਤੋਂ ਹੁੰਦਾ ਹੋਇਆ ਗੁਰਦੁਆਰਾ ਸੁਖਮਨੀ ਸੇਵਾ ਸੁਸਾਇਟੀ ਵਿੱਚ ਸਮਾਪਤ ਹੋ ਗਿਆ। ਇਸ ਮੌਕੇ ਪ੍ਰਿਤਪਾਲ ਸਿੰਘ ਕੁਕੂ, ਗਿਆਨੀ ਭੁਪਿੰਦਰ ਸਿੰਘ ਗੋਲੂ ਮੌਜੂਦ ਸਨ।