ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 20 ਜਨਵਰੀ
ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 354ਵਾਂ ਪ੍ਰਕਾਸ਼ ਦਿਹਾੜਾ ਸਥਾਨਕ ਸੰਗਤ ਵੱਲੋਂ ਉਤਸ਼ਾਹ ਤੇ ਧਾਰਮਿਕ ਜਲੌਅ ਨਾਲ ਮਨਾਇਆ। ਇਤਿਹਾਸਕ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿੱਚ ਸੰਗਤਾਂ ਵੱਲੋਂ ਵੱਡੀ ਗਿਣਤੀ ’ਚ ਨਤਮਸਤਕ ਕੀਤਾ। ਸੰਗਤਾਂ ਨੇ ਸਰੋਵਰ ‘ਚ ਇਸ਼ਨਾਨ ਵੀ ਕੀਤੇ। ਗੁਰਦੁਆਰਾ ਕਰਹਾਲੀ ਸਾਹਿਬ ਅਤੇ ਗੁਰਦੁਆਰਾ ਡੇਰਾ ਬਾਬਾ ਅਜਾਪਾਲ ਵਿਖੇ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਪ੍ਰਾਪਤ ਕਰਕੇ ਪ੍ਰਕਾਸ਼ ਪੁਰਬ ਮਨਾਇਆ। ਇਸ ਮੌਕੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਦੀਵਾਨ ਹਾਲ ਵਿੱਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ। ਹੈੱਡ ਗ੍ਰੰਥੀ ਭਾਈ ਪ੍ਰਨਾਮ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਹਜ਼ੂਰੀ ਰਾਗੀ ਭਾਈ ਹਰਪ੍ਰੀਤ ਸਿੰਘ ਜਥੇ ਨੇ ਗੁਰਬਾਣੀ ਸਰਵਣ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪ੍ ਸੰਗਤਾਂ ਨੂੰ ਵਧਾਈ ਦਿੱਤੀ।ਹੋਰਨਾਂ ਤੋਂ ਇਲਾਵਾ ਅੰਤਰਿੰਗ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ, ਸ਼੍ਰੋਮਣੀ ਕਮੇਟੀ ਮੈਂਬਰ ਸ਼ਿਵੰਦਰ ਸਿੰਘ ਸੱਭਰਵਾਲ, ਸਾਬਕਾ ਮੈਂਬਰ ਬੀਬੀ ਕਮਲੇਸ਼ ਕੌਰ ਨੇ ਹਾਜ਼ਰੀ ਭਰੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਗੁਰੂ ਅਮਰਦਾਸ ਸਿੰਘ ਸਭਾ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ।ਨਗਰ ਕੀਰਤਨ ਅੱਗੇ ਗੱਤਕਾ ਪਾਰਟੀ ਵੱਲੋਂ ਆਪਣੇ ਜੌਹਰ ਦਿਖਾਏ ਗਏ ਅਤੇ ਢਾਡੀ ਰਾਗੀ ਸਿੰਘਾਂ ਵੱਲੋਂ ਸੰਗਤਾਂ ਨੂੰ ਗੁਰੂ ਇਤਿਹਾਸ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਪ੍ਰਕਾਸ਼ ਦਿਵਸ ਨੂੰ ਲੈ ਕੇ ਪਿੱਛਲੇ ਦਿਨਾਂ ਤੋਂ ਸਵੇਰੇ ਲਗਾਤਾਰ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਸਨ। ਇਸ ਮੌਕੇ ਲੋਕਲ ਗੁਰਦੁਆਰਾ ਕਮੇਟੀ ਦੇ ਸਕੱਤਰ ਸੰਦੀਪ ਸਿੰਘ, ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਸ਼ਾਮ ਸਿੰਘ ਖਰੌੜ , ਗੁਰਨਾਮ ਸਿੰਘ ਫੌਜੀ ਅਤੇ ਰਣਜੀਤ ਸਿੰਘ ਨੇਪ੍ਰਬੰਧਾਂ ਦੀ ਅਗਵਾਈ ਕੀਤੀ।
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਕੁੱਲ ਹਿੰਦ ਕਿਸਾਨ ਸਭਾ ਪੰਜਾਬ ਇਕਾਈ ਸੁਨਾਮ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ਪੁਰਬ ਮਨਾਉਂਦਿਆਂ ਦਿੱਲੀ ਚੱਲ ਰਹੇ ਕਿਸਾਨੀ ਸੰਘਰਸ਼ ’ਚ ਕਿਸਾਨਾਂ ਦੀ ਜਿੱਤ ਦੀ ਕਾਮਨਾ ਕੀਤੀ। ਜਥੇਬੰਦੀਂ ਨੇ ਇਸ ਮੌਕੇ ਕਿਸਾਨ ਅੰਦੋਲਨ ਨੂੰ ਕਾਮਯਾਬ ਕਰਨ ਲਈ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਲਈ ਵੀ ਸਹੁੰ ਚੁੱਕੀ।