ਘਨੌਰ (ਪੱਤਰ ਪ੍ਰੇਰਕ): ਉਜਾੜਾ ਰੋਕੂ ਸੰਘਰਸ਼ ਕਮੇਟੀ ਰਾਜਪੁਰਾ ਦੇ ਸੱਦੇ ֹ’ਤੇ ਇਥੋਂ ਨੇੜਲੇ ਚਾਰ ਪਿੰਡਾਂ ਖਡੌਲੀ, ਸਰਦਾਰਗੜ੍ਹ, ਜੱਖੜਾਂ ਅਤੇ ਖੇੜੀ ਗੰਡਿਆਂ ਦੇ ਉਨ੍ਹਾਂ ਕਿਸਾਨਾਂ ਦੀ ਮੀਟਿੰਗ ਹੋਈ, ਜਿਨ੍ਹਾਂ ਦੀ ਜ਼ਮੀਨ 28 ਸਾਲ ਪਹਿਲਾਂ ਸਰਕਾਰ ਵੱਲੋਂ ਨਿਗੂਣੀ ਜਿਹੀ ਕੀਮਤ ’ਤੇ ਐਕੁਆਇਰ ਕਰਕੇ ਇੱਕ ਕਾਰਪੋਰੇਟ ਘਰਾਣੇ ਨੂੰ ਸੌਂਪ ਦਿੱਤੀ ਗਈ ਸੀ ਪਰ ਸਰਕਾਰ ਅਤੇ ਕਾਰਪੋਰੇਟ ਘਰਾਣੇ ਦਰਮਿਆਨ ਕੀਤੇ ਗਏ ਇਕਰਾਰਨਾਮੇ ਦੀ ਪਾਲਣਾ ਨਾ ਕਰਨ ’ਤੇ ਇਲਾਕੇ ਦੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਵੱਡਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਮੀਟਿੰਗ ਵਿੱਚ ਸੰਘਰਸ਼ ਕਮੇਟੀ ਦੇ ਕਨਵੀਨਰ ਲਸ਼ਕਰ ਸਿੰਘ ਸਰਦਾਰਗੜ੍ਹ, ਰਾਜਿੰਦਰ ਸਿੰਘ, ਨਛੱਤਰ ਸਿੰਘ ਭੱਦਕ ਆਦਿ ਨੇ ਹਿੱਸਾ ਲਿਆ ਅਤੇ ਉਕਤ ਕਾਰਪੋਰੇਟ ਘਰਾਣੇ ਦੇ ਕਬਜ਼ੇ ਹੇਠ ਅਣਵਰਤੀ ਪਈ 533 ਏਕੜ ਜ਼ਮੀਨ ਦੀ ਵਾਪਸੀ ਲਈ ਮਜ਼ਦੂਰਾਂ ਨਾਲ ਸਾਂਝਾ ਸੰਘਰਸ਼ ਕਰਨ ਦਾ ਐਲਾਨ ਕੀਤਾ। ਆਗੂਆਂ ਨੇ ਆਖਿਆ ਕਿ ਉਕਤ ਪਿੰਡਾਂ ਦੀ ਜ਼ਮੀਨ ਕਾਰਪੋਰੇਟ ਘਰਾਣੇ ਲਈ ਐਕੁਆਇਰ ਕੀਤੇ ਜਾਣ ਤੋਂ ਬਾਅਦ ਜਿਥੇ ਸੈਂਕੜੇ ਕਿਸਾਨ ਪਰਿਵਾਰ ਪ੍ਰਭਾਵਿਤ ਹੋਏ ਹਨ, ਉਥੇ ਹੀ ਖੇਤੀਬਾੜੀ ਦੇ ਧੰਦੇ ਤੋਂ ਆਪਣਾ ਰੁਜ਼ਗਾਰ ਤੋਰ ਰਹੇ ਸੈਂਕੜੇ ਮਜ਼ਦੂਰ ਪਰਿਵਾਰਾਂ ਦਾ ਰੁਜ਼ਗਾਰ ਵੀ ਖੁਸਿਆ ਹੈ। ਸੰਘਰਸ਼ ਕਮੇਟੀ ਨੇ ਫ਼ੈਸਲਾ ਕੀਤਾ ਕਿ ਜ਼ਮੀਨ ਦੀ ਵਾਪਸੀ ਲਈ ਜਾਰੀ ਸੰਘਰਸ਼ ਨੂੰ ਖੇਤ ਮਜ਼ਦੂਰਾਂ ਦੇ ਸਹਿਯੋਗ ਨਾਲ ਹੋਰ ਤਿੱਖਾ ਕੀਤਾ ਜਾਵੇਗਾ।