ਪੱਤਰ ਪ੍ਰੇਰਕ
ਰਾਜਪੁਰਾ,15 ਅਪਰੈਲ
ਆਲ ਸਕੂਲ ਪੇਰੈਂਟਸ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਗੁਰਪ੍ਰੀਤ ਸਿੰਘ ਧਮੌਲੀ, ਸੁਰਿੰਦਰ ਸਿੰਘ ਬੰਟੀ ਖਾਨਪੁਰ, ਬਰਜਿੰਦਰ ਸਿੰਘ ਅਬਦਲਪੁਰ ਅਤੇ ਧਨਵੰਤ ਸਿੰਘ ਹਰਪਾਲਪੁਰ ਦੀ ਸਾਂਝੀ ਅਗਵਾਈ ਹੇਠ ਹੋਈ। ਇਸ ਦੌਰਾਨ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦੇ ਐਲਾਨ ਦੇ ਉਲਟ ਵਾਧੂ ਫੀਸਾਂ ਵਸੂਲਣ ਵਾਲੇ ਪ੍ਰਾਈਵੇਟ ਸਕੂਲਾਂ ਖਿਲਾਫ ਸੰਘਰਸ਼ ਦਾ ਐਲਾਨ ਕੀਤਾ ਗਿਆ। ਇਸ ਮੌਕੇ ਐਸੋਸੀਏਸ਼ਨ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਵਾਧੂ ਫੀਸਾਂ ਵੂਸਲਣ ’ਤੇ ਰੋਕ ਲਗਾਉਣ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਧਮੌਲੀ ਨੇ ਕਿਹਾ ਕਿ ਮਾਪੇ ਕੇਵਲ ਉਨ੍ਹਾਂ ਪ੍ਰਾਈਵੇਟ ਸਕੂਲਾਂ ਵਿੱਚ ਫੀਸਾਂ ਜਮ੍ਹਾਂ ਕਰਵਾਉਣਗੇ, ਜੋ ਪੁਰਾਣੀ ਦਰਾਂ ਅਨੁਸਾਰ ਫੀਸਾਂ ਲੈਣਗੇ। ਵਾਧੂ ਫੀਸਾਂ ਵਸੂਲਣ ਵਾਲੇ ਸਕੂਲਾਂ ਅੱਗੇ ਐਸੋਸੀਏਸ਼ਨ ਵੱਲੋਂ ਰੋਸ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਪਿਆਂ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਉਨ੍ਹਾਂ ਲੋਕਾਂ ਤੇ ਮਾਪਿਆਂ ਤੋਂ ਸਹਿਯੋਗ ਦੀ ਮੰਗ ਵੀ ਕੀਤੀ।