ਨਿੱਜੀ ਪੱਤਰ ਪ੍ਰੇਰਕ
ਨਾਭਾ, 4 ਜੂਨ
ਸੋਮਵਾਰ ਤੋਂ ਸ਼ੁੱਕਰਵਾਰ ਤੱਕ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਅਹੁਦੇਦਾਰਾਂ ਵੱਲੋਂ ਨਾਭਾ ਦੇ ਪਿੰਡਾਂ ’ਚ ਪੱਕੇ ਧਰਨੇ ਲਾਏ ਜਾਣਗੇ ਜਿਸ ਵਿੱਚ ਪਾਣੀ ਦੀ ਬੱਚਤ ਲਈ ਸਿਆਸਤ ਅਤੇ ਸਮਾਜ ਦੋਵਾਂ ’ਚ ਜਾਗ੍ਰਿਤੀ ਦਾ ਉਪਰਾਲਾ ਕੀਤਾ ਜਾਵੇਗਾ। ਅੱਜ ਨਾਭਾ ਵਿਖੇ ਇੱਕ ਮੀਟਿੰਗ ਪਿੱਛੋਂ ਨਾਭਾ ਬਲਾਕ ਪ੍ਰਧਾਨ ਹਰਮੇਲ ਸਿੰਘ ਤੁੰਗਾਂ ਨੇ ਦੱਸਿਆ ਕਿ ਹਰ ਪਿੰਡ ਦੀ ਪਾਣੀ ਦੀ ਟੈਂਕੀ ਦੇ ਨਜ਼ਦੀਕ ਇਹ ਪੰਜ ਰੋਜ਼ਾ ਧਰਨਾ ਚੱਲੇਗਾ। ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਦੀ ਹੋਈ ਮੂੰਗੀ, ਬਾਸਮਤੀ, ਸਬਜ਼ੀਆਂ ਆਦਿ ਫਸਲਾਂ ‘ਤੇ ਐਮਐੱਸਪੀ ਦੀ ਗਾਰੰਟੀ ਦੇਵੇ। ਨਾਲ ਹੀ ਭੂ ਜਲ ਭੰਡਾਰ ਦੀ ਸੰਭਾਲ ਲਈ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਯੂਨੀਅਨ ਵਲੋਂ ਪਿੰਡਾਂ ’ਚ ਨਾਟਕ ਵੀ ਕਰਵਾਏ ਜਾਣਗੇ ਤੇ ਢੋਲ ਮਾਰਚ ਰਾਹੀਂ ਲੋਕਾਂ ’ਚ ਪਾਣੀ ਦੇ ਸੰਕਟ ਬਾਰੇ ਚੇਤਨਾ ਲਿਆਉਣ ਦਾ ਵੀ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਆਪਣੀ ਰਹਿਣੀ ਬਹਿਣੀ ’ਚ ਵੀ ਤਬਦੀਲੀ ਲਿਆਉਣੀ ਪਵੇਗੀ ਕਿਉਂਕਿ ਅੱਜ ਦੇ ਘਰ ਦਾ ਨਕਸ਼ਾ ਪਹਿਲਾਂ ਨਾਲੋਂ ਵਧੇਰੇ ਪਾਣੀ ਦੀ ਮੰਗ ਕਰਦਾ ਹੈ। ਕਿਸਾਨ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਇਸ ਮਾਮਲੇ ’ਚ ਲੇਟ ਹਾਂ ਤੇ ਅਜੇ ਵੀ ਸੰਜੀਦਗੀ ਨਾ ਵਰਤੀ ਤਾਂ ਬਹੁਤ ਭਿਆਨਕ ਸਿੱਟੇ ਨਿਕਲਣਗੇ।