ਗੁਰਨਾਮ ਸਿੰਘ ਅਕੀਦਾ
ਪਟਿਆਲਾ, 1 ਅਪਰੈਲ
ਕਈ ਦਹਾਕਿਆਂ ਤੋਂ ਜੰਗਲਾਤ ਦੀ 43 ਏਕੜ ਜ਼ਮੀਨ ਉੱਤੇ ਕੁਝ ਧਨਾਢਾਂ ਵੱਲੋਂ ਕੀਤਾ ਕਬਜ਼ਾ ਅੱਜ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਛੁਡਾ ਲਿਆ ਹੈ। ਅਦਾਲਤ ਵੱਲੋਂ ਸਰਕਾਰ ਦੇ ਪੱਖ ਵਿਚ ਫ਼ੈਸਲਾ ਬੇਸ਼ੱਕ 2018 ਵਿਚ ਕਰ ਦਿੱਤਾ ਸੀ ਪਰ ਸਮੇਂ ਸਮੇਂ ਅਨੁਸਾਰ ਸੱਤਾ ਵਿਚ ਰਹੀਆਂ ਸਿਆਸੀ ਪਾਰਟੀਆਂ ਵੱਲੋਂ ਇਸ ਜ਼ਮੀਨ ਤੋਂ ਕਬਜ਼ਾ ਨਾ ਛੁਡਵਾਇਆ ਗਿਆ ਪਰ ਪੰਜਾਬ ਸਰਕਾਰ ਨੇ ਅੱਜ ਇਹ ਕਾਰਵਾਈ ਪੂਰੀ ਕਰ ਦਿੱਤੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਈ ਦਹਾਕਿਆਂ ਤੋਂ ਇੱਥੋਂ ਨਜ਼ਦੀਕ ਜੰਗਲਾਤ ਕੁਲੇਮਾਜਰਾ ਦੀ 43 ਏਕੜ ਜ਼ਮੀਨ ਤੋਂ ਕਬਜ਼ਾ ਛੁਡਾਉਣ ਲਈ ਡਵੀਜ਼ਨਲ ਜੰਗਲਾਤ ਅਫ਼ਸਰ ਪਟਿਆਲਾ ਬਨਾਮ ਮਰਹੂਮ ਰਣਜੀਤ ਸਿੰਘ ਪੁੱਤਰ ਭਜਨ ਸਿੰਘ ਪਿੰਡ ਨੈਣ ਖ਼ੁਰਦ ਤਹਿ. ਵਾ. ਜ਼ਿਲ੍ਹਾ ਪਟਿਆਲਾ ਪੇਸ਼ ਕਰਤਾ ਵੱਲੋਂ ਮਰਹੂਮ ਅਮਨ ਰਣਜੀਤ ਸਿੰਘ, ਮਨਪ੍ਰੀਤ ਕੌਰ ਵਿਧਵਾ, ਪਰਵਿੰਦਰ ਕੌਰ ਮਾਤਾ, ਹਰਜੀਤ ਸਿੰਘ ਪੁੱਤਰ, ਅਮਨਪ੍ਰੀਤ ਕੌਰ ਪੁੱਤਰੀ ਮਹਿਕ ਰਣਜੀਤ ਸਿੰਘ ਪੁਤਰਾਨ ਰਣਜੀਤ ਸਿੰਘ ਵਾਸੀ ਪਿੰਡ ਨੈਣ ਖ਼ੁਰਦ ਤਹਿਤ ਇਹ ਕੇਸ ਚੱਲਿਆ। ਇਸ ਜ਼ਮੀਨ ਦਾ ਕਬਜ਼ਾ ਲੈਣ ਲਈ 30 ਮਾਰਚ ਨਿਰਧਾਰਿਤ ਕੀਤੀ ਤਰੀਕ ਨੂੰ ਕਬਜ਼ਾ ਨਹੀਂ ਲਿਆ ਜਾ ਸਕਿਆ। ਇਸ ਦੌਰਾਨ ਕਬਜ਼ਾਧਾਰਕਾਂ ਨੇ ਕਣਕ ਵੱਢ ਲਈ, ਜਾਣਕਾਰੀ ਅਨੁਸਾਰ ਉੱਪਰੋਂ ਸਖ਼ਤ ਹਦਾਇਤਾਂ ਹੋਣ ਕਰਕੇ ਅੱਜ ਇਸ ਕਾਰਵਾਈ ਨੂੰ ਅਮਲ ਵਿਚ ਲਿਆਂਦਾ ਗਿਆ। ਇਸ ਵੇਲੇ ਭਾਰੀ ਪੁਲੀਸ ਫੋਰਸ ਮੌਜੂਦ ਸੀ। ਜ਼ਿਕਰਯੋਗ ਹੈ ਕਿ ਕਬਜ਼ਾਧਾਰਕਾਂ ਨੂੰ ਲੰਬੇ ਸਮੇਂ ਤੋਂ ਸਿਆਸੀ ਸ਼ਹਿ ਸੀ ਜਿਸ ਕਰਕੇ ਇਹ ਕਬਜ਼ਾ ਨਹੀਂ ਛੁਡਵਾਇਆ ਜਾ ਸਕਿਆ ਪਰ ਹੁਣ ਮੰਤਰੀ ਵੱਲੋਂ ਕੀਤੀਆਂ ਸਖ਼ਤ ਹਦਾਇਤਾਂ ਕਰਕੇ ਇਹ ਕਬਜ਼ਾ ਛੁਡਵਾਇਆ ਗਿਆ ਹੈ।