ਖੇਤਰੀ ਪ੍ਰਤੀਨਿਧ
ਪਟਿਆਲਾ, 17 ਅਗਸਤ
ਰਾਜਸਥਾਨ ਦੇ ਜ਼ਿਲ੍ਹਾ ਜਲੌਰ ਵਿੱਚ ਇੱਕ ਨਿੱਜੀ ਸਕੂਲ ਦੇ 8 ਸਾਲਾ ਮਾਸੂਮ ਦਲਿਤ ਬੱਚੇ ਇੰਦਰ ਮੇਘਵਾਲ ਦੀ ਮੌਤ ਖ਼ਿਲਾਫ਼ ‘ਡਾ. ਅੰਬੇਡਕਰ ਕਰਮਚਾਰੀ ਮਹਾਂਸੰਘ ਪੰਜਾਬ’ ਵੱਲੋਂ ਸੂਬਾ ਪ੍ਰਧਾਨ ਡਾ. ਜਤਿੰਦਰ ਸਿੰਘ ਮੱਟੂ ਦੀ ਅਗਵਾਈ ਹੇਠ ਮੇਘਵਾਲ ਦੇ ਕੇਸ ਨੂੰ ਫਾਸਟ ਟਰੈਕ ਅਦਾਲਤ ਰਾਹੀਂ ਜਲਦੀ ਹੱਲ ਕਰ ਕੇ ਕਥਿਤ ਦੋਸ਼ੀ ਖਿਲ਼ਾਫ਼ ਬਣਦੀ ਕਾਰਵਾਈ ਦੀ ਮੰਗ ਕਰਦਿਆਂ ਪੰਜਾਬੀ ਯੂਨੀਵਰਸਿਟੀ ਵਿੱਚ ਧਰਨਾ ਦਿੱਤਾ ਗਿਆ। ਕਰਮਚਾਰੀਆਂ ਅਤੇ ਵਿਦਿਆਰਥੀਆਂ ਵੱਲੋਂ ਲਾਇਬ੍ਰੇਰੀ ਤੋਂ ਯੂਨੀਵਰਸਿਟੀ ਦੇ ਮੇਨ ਗੇਟ ਤੱਕ ਕੱਢੇ ਗਏ ਰੋਸ ਮਾਰਚ ਦੌਰਾਨ ਜਾਤੀਵਾਦ ਰੂਪੀ ਦੈਂਤ ਦਾ ਪੁਤਲਾ ਵੀ ਫੂਕਿਆ ਗਿਆ। ਸ੍ਰੀ ਮੱਟੂ ਨੇ ਰਾਸ਼ਟਰਪਤੀ ਤੋਂ ਰਾਜਸਥਾਨ ਸਰਕਾਰ ਨੂੰ ਬਰਖਾਸਤ ਕਰਨ ਦੀ ਵੀ ਮੰਗ ਕੀਤੀ।
ਪ੍ਰਿੰਸੀਪਲ ਵੱਲੋਂ ਦਲਿਤ ਬੱਚੇ ਦੀ ਹੱਤਿਆ ਕਰਨ ਦੀ ਨਿਖੇਧੀ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਜਮਹੂਰੀ ਅਧਿਕਾਰ ਸਭਾ ਨੇ ਰਾਜਸਥਾਨ ਦੇ ਜਾਲੌਰ ਜ਼ਿਲ੍ਹੇ ਦੇ ਸਿਆਲਾ ਬਲਾਕ ਦੇ ਪਿੰਡ ਸੁਰਾਣਾ ਵਿੱਚ ਆਰਐੱਸਐੱਸ ਵੱਲੋਂ ਚਲਾਏ ਜਾ ਰਹੇ ਸਰਸਵਤੀ ਵਿੱਦਿਆ ਮੰਦਰ ਸਕੂਲ ਵਿੱਚ ਤੀਜੀ ਜਮਾਤ ਦੇ 9 ਸਾਲਾ ਦਲਿਤ ਬੱਚੇ ਇੰਦਰ ਕੁਮਾਰ ਨੂੰ ਘੜੇ ’ਚੋਂ ਪਾਣੀ ਪੀਣ ਕਾਰਨ ਉੱਥੋਂ ਦੇ ਉੱਚ ਜਾਤੀ ਦੇ ਹੰਕਾਰੀ ਪ੍ਰਿੰਸੀਪਲ ਦੁਆਰਾ ਬੜੀ ਬੇਰਹਿਮੀ ਨਾਲ ਕੁੱਟਮਾਰ ਕਰਕੇ ਕਤਲ ਕਰਨ ਦੀ ਸਖਤ ਸ਼ਬਦਾਂ ਵਿਚ ਵਿੱਚ ਨਿਖੇਧੀ ਕੀਤੀ ਹੈ। ਜਮਹੂਰੀ ਅਧਿਕਾਰ ਸਭਾ ਦੀ ਜ਼ਿਲ੍ਹਾ ਇਕਾਈ ਸੰਗਰੂਰ ਦੇ ਪ੍ਰਧਾਨ ਸਵਰਨਜੀਤ ਸਿੰਘ, ਸਕੱਤਰ ਕੁਲਦੀਪ ਸਿੰਘ ਅਤੇ ਪ੍ਰੈੱਸ ਸਕੱਤਰ ਜੁਝਾਰ ਸਿੰਘ ਲੌਂਗੋਵਾਲ ਨੇ ਕਿਹਾ ਕਿ ਇੱਕ ਪਾਸੇ ਦੇਸ਼ ਦੀ ਸਰਕਾਰ ਆਜ਼ਾਦੀ ਦੇ 75 ਸਾਲਾ ਅੰਮ੍ਰਿਤ ਮਹਾਉਤਸਵ ਮਨਾ ਰਹੀ ਹੈ, ਦੂਜੇ ਪਾਸੇ ਦੇਸ਼ ਨੂੰ ਧਰਮਾਂ, ਜਾਤਾਂ ਅਤੇ ਇਲਾਕਿਆਂ ਦੇ ਆਧਾਰ ’ਤੇ ਵੰਡਣ ਲਈ ਬਣਾਏ ਗਏ ਸਮਾਜਿਕ ਮਾਹੌਲ ਨੇ ਸਮਾਜਿਕ ਆਧਾਰ ’ਤੇ ਹਾਸ਼ੀਏ ’ਤੇ ਧੱਕੇ ਲੋਕਾਂ ਦਾ ਜਿਊਣਾ ਦੁੱਭਰ ਕਰ ਦਿੱਤਾ ਹੈ। ਆਗੂਆਂ ਨੇ ਗੁਜਰਾਤ ਸਰਕਾਰ ਵੱਲੋਂ 2002 ’ਚ ਬਿਲਕਿਸ ਬਾਨੋ ਦੇ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ 11 ਦੋਸ਼ੀਆਂ ਦੀ ਸਜ਼ਾ ਮੁਆਫ਼ ਕਰਕੇ ਉਨ੍ਹਾਂ ਨੂੰ ਰਿਹਾਅ ਕਰਨ ਦੀ ਕਾਰਵਾਈ ਉਪਰ ਡੂੰਘੇ ਰੋਸ ਦਾ ਪ੍ਰਗਟਾਵਾ ਕੀਤਾ ਹੈ।