ਸਰਬਜੀਤ ਸਿੰਘ ਭੰਗੂ
ਪਟਿਆਲਾ, 17 ਦਸੰਬਰ
ਇੱਥੇ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਜ਼ੇਰੇ ਇਲਾਜ ਇੱਕ ਮਹਿਲਾ ਦੇ ਬੱਚੇ ਦੀ ਉਸ ਦੇ ਗਰਭ ’ਚ ਹੀ ਮੌਤ ਹੋ ਗਈ। ਹਸਪਾਤਲ ਪ੍ਰਸ਼ਾਸਨ ਦਾ ਤਰਕ ਹੈ ਕਿ ਇਹ ਮੰਦਭਾਗੀ ਘਟਨਾ ਹਸਪਤਾਲ਼ ’ਚ ਪਿਛਲੇ ਦਿਨਾਂ ਤੋਂ ਨਰਸਿੰਗ ਸਟਾਫ਼ ਦੀ ਚੱਲ ਰਹੀ ਹੜਤਾਲ਼ ਕਾਰਨ ਆਈ ਸਟਾਫ਼ ਦੀ ਘਾਟ ਕਾਰਨ ਵਾਪਰੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਸਮਾਣਾ ਇਲਾਕੇ ਦੀ ਨਿਸ਼ਾ ਨਾਂ ਦੀ 36 ਹਫ਼ਤਿਆਂ ਦੀ ਗਰਭਵਤੀ ਮਹਿਲਾ ਸਿਹਤ ਖ਼ਰਾਬ ਹੋਣ ਕਾਰਨ 10 ਦਸੰਬਰ ਨੂੰ ਰਾਜਿੰਦਰਾ ਹਸਪਤਾਲ਼ ਦੀ ਗਾਇਨੀ ਵਾਰਡ ’ਚ ਦਾਖ਼ਲ ਹੋਈ ਸੀ। ਉਹ ਭਾਵੇਂ ਕਈ ਦਿਨਾਂ ਤੋਂ ਇੱਥੇ ਹੀ ਦਾਖ਼ਲ ਸੀ, ਪਰ ਹੁਣ ਉਸ ਨੂੰ ਤਕਲੀਫ਼ ਵਧ ਗਈ ਸੀ। ਹਸਪਤਾਲ ਦੇ ਡਾਕਟਰ ਤਰਕ ਦੇ ਰਹੇ ਹਨ ਕਿ ਹਾਲਾਤ ਨੂੰ ਦੇਖਦਿਆਂ ਉਨ੍ਹਾਂ ਇਸ ਮਰੀਜ਼ ਅਤੇ ਇਸ ਦੇ ਵਾਰਸਾਂ ਨੂੰ ਸੁਝਾਇਆ ਗਿਆ ਸੀ ਕਿ ਇੱਥੇ ਨਰਸਿੰਗ ਸਟਾਫ਼ ਦੀ ਹੜਤਾਲ਼ ਚੱਲ ਰਹੀ ਹੈ, ਉਹ ਮਰੀਜ਼ ਨੂੰ ਪੀਜੀਆਈ ਜਾਂ ਹੋਰ ਕਿਸੇ ਹਸਪਤਾਲ ’ਚ ਲੈ ਜਾਣ।
ਉਧਰ ਵਧੀ ਤਕਲੀਫ਼ ਦੇ ਚੱਲਦਿਆਂ, ਜਦੋਂ ਮਰੀਜ਼ ਦਾ ਅਲਟਰਾਸਾਊਂਡ ਕਰ ਕੇ ਰਿਪੋਰਟ ਘੋਖੀ ਗਈ, ਤਾਂ ਗਰਭ ’ਚ ਬੱਚਾ ਮ੍ਰਿਤਕ ਪਾਇਆ ਗਿਆ। ਉਂਜ ਹੁਣ ਮਹਿਲਾ ਨੂੰ ਇੱਥੋਂ ਹੋਰ ਹਸਪਤਾਲ ’ਚ ਰੈਫਰ ਕਰ ਦਿੱਤਾ ਗਿਆ ਹੈ। ਕਿਉਂਕਿ ਫੌਤ ਹੋ ਚੁੱਕੇ ਬੱਚੇ ਦਾ ਜ਼ਿਆਦਾ ਸਮੇਂ ਤੱਕ ਗਰਭ ’ਚ ਹੀ ਰਹਿਣਾ ਜੱਚਾ (ਮਹਿਲਾ) ਲਈ ਵੀ ਘਾਤਕ ਸਿੱਧ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਆਪਣੀਆਂ ਮੰਗਾਂ ਦੀ ਪੂਰਤੀ ਨੂੰ ਲੈ ਕੇ ਇਸ ਹਸਪਤਾਲ ਦਾ ਰੈਗੂਲਰ ਨਰਸਿੰਗ ਸਟਾਫ਼ ਵੀ ਕੁਝ ਦਿਨਾਂ ਤੋਂ ਹੜਤਾਲ਼ ’ਤੇ ਚੱਲ ਰਿਹਾ ਹੈ। ਇਸ ਦੇ ਨਾਲ਼ ਹੀ ਇੱਥੋਂ ਦੇ ਕੰੰਟਰੈਕਚੂਅਲ ਸਟਾਫ਼ ਅਤੇ ਨਰਸਿੰਗ ਸਟੂਡੈਂਟਸ ਦੇ ਵੀ ਹੜਤਾਲ਼ ’ਤੇ ਚਲੇ ਜਾਣ ਕਾਰਨ, ਸਟਾਫ਼ ਦੀ ਘਾਟ ਵਧੇਰੇ ਰੜਕਣ ਲੱਗ ਗਈ। ਕੁਝ ਦਿਨਾਂ ਤੋਂ ਹੜਤਾਲ਼ੀ ਸਟਾਫ਼ ਵੱਲੋਂ ਐਮਰਜੈਂਸੀ ਵਾਰਡ ਦਾ ਬਾਈਕਾਟ ਵੀ ਕੀਤਾ ਹੋਇਆ ਹੈ।
ਉਧਰ, ਇਸ ਘਟਨਾ ਨੂੰ ਲੈ ਕੇ ਪੀੜਤ ਪਰਿਵਾਰ ਹਸਪਤਾਲ ’ਤੇ ਅਣਗਹਿਲੀ ਦੇ ਦੋਸ਼ ਲਾ ਰਿਹਾ ਹੈ ਪਰ ਹਸਪਤਾਲ਼ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਵਾਰਸਾਂ ਨੂੰ ਸਾਰੇ ਹਾਲਾਤ ਤੋਂ ਜਾਣੂ ਕਰਵਾ ਦਿੱਤਾ ਗਿਆ ਸੀ।