ਪੱਤਰ ਪ੍ਰੇਰਕ
ਖਨੌਰੀ, 28 ਅਗਸਤ
ਨਜ਼ਦੀਕੀ ਪਿੰਡ ਮੰਡਵੀ ਵਿਚ ਗਿਆਰਾਂ ਸਾਲਾਂ ਦੇ ਬੱਚੇ ਦੀ ਸੱਪ ਦੇ ਡੰਗ ਮਾਰਨ ਕਾਰਨ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਬੱਚੇ ਦੇ ਰਿਸ਼ਤੇਦਾਰੀ ਵਿੱਚ ਦਾਦਾ ਲਗਦੇ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਦਾ ਪੋਤਾ ਸਹਿਜਪਾਲ (11) ਪੁੱਤਰ ਗੁਰਬਾਜ਼ ਸਿੰਘ ਆਪਣੇ ਪਿਤਾ ਨਾਲ ਸਵੇਰੇ ਕਰੀਬ ਚਾਰ ਵਜੇ ਘਰਾਂ ਦੇ ਸਾਹਮਣੇ ਬਣੇ ਸਟੇਡੀਅਮ ਵਿੱਚ ਸੈਰ ਕਰਨ ਗਿਆ ਸੀ। ਇਸ ਦੌਰਾਨ ਬੱਚਾ ਆਪਣੇ ਪਿਤਾ ਤੋਂ ਕੁਝ ਅੱਗੇ ਚੱਲ ਰਿਹਾ ਸੀ। ਸੈਰ ਕਰਨ ਦੌਰਾਨ ਸਹਿਜਪਾਲ ਨੂੰ ਜ਼ਹਿਰੀਲੇ ਸੱਪ ਨੇ ਡੰਗ ਮਾਰ ਦਿੱਤਾ। ਬੱਚੇ ਨੇ ਸੱਪ ਦੇ ਡੰਗ ਮਾਰਨ ਬਾਰੇ ਤੁਰੰਤ ਆਪਣੇ ਪਿਤਾ ਨੂੰ ਦੱਸ ਦਿੱਤਾ। ਉਸ ਦੇ ਪਿਤਾ ਗੁਰਬਾਜ਼ ਸਿੰਘ ਨੇ ਬੱਚੇ ਨੂੰ ਚੁੱਕ ਕੇ ਘਰ ਲੈ ਆਂਦਾ। ਇਲਾਜ ਲਈ ਪਿੰਡ ਸ਼ਾਹਪੁਰ ਥੇੜ੍ਹੀ ਲਿਜਾਂਦੇ ਹੋਏ ਉਸ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ।