ਪੱਤਰ ਪੇ੍ਰਕ
ਸਮਾਣਾ, 16 ਜੁਲਾਈ
ਭਵਾਨੀਗੜ੍ਹ ਸੜਕ ’ਤੇ ਬੀਤੀ ਰਾਤ ਵਾਪਰੇ ਇਕ ਸੜਕ ਹਾਦਸੇ ਵਿਚ 48 ਸਾਲਾ ਮੋਟਰਸਾਈਕਲ ਸਵਾਰ ਮਹੰਤ ਦੀ ਮੌਤ ਹੋ ਗਈ ਜਿਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ। ਮਾਮਲੇ ਦੇ ਜਾਂਚ ਅਧਿਕਾਰੀ ਪੁਲੀਸ ਚੌਕੀ ਗਾਜੇਵਾਸ ਦੇ ਏਐੱਸਆਈ ਗੁਰਦੇਵ ਸਿੰਘ ਚੀਮਾ ਨੇ ਦੱਸਿਆ ਕਿ ਲੌਂਗੋਵਾਲ ਨਜ਼ਦੀਕੀ ਪਿੰਡ ਉਭੇਵਾਲ ਵਿਚ ਸਥਿਤ ਬਾਬਾ ਭਗਵਾਨਦਾਸ ਡੇਰੇ ਦਾ ਮਹੰਤ ਆਨੰਦ ਦਾਸ (48) ਪੁੱਤਰ ਅਵਧੂਤ ਮਨੀ ਨਿਵਾਸੀ ਥਾਨੇਸਰ (ਹਰਿਆਣਾ) ਆਪਣੀ ਬੇਟੀ ਦਾ ਜਨਮ ਦਿਨ ਮਨਾਉਣ ਲਈ ਮੋਟਰਸਾਈਕਲ ’ਤੇ ਥਾਨੇਸਰ ਜਾ ਰਿਹਾ ਸੀ ਕਿ ਭਵਾਨੀਗੜ੍ਹ-ਸਮਾਣਾ ਸੜਕ ਤੇ ਸਥਿਤ ਪਿੰਡ ਫਤਿਹਗੜ੍ਹ ਛੰਨਾ ਦੇ ਨੇੜੇ ਕਿਸੇ ਅਵਾਰਾ ਪਸ਼ੂ ਨਾਲ ਟੱਕਰ ਹੋ ਗਈ। ਸੜਕ ਤੇ ਡਿੱਗ ਕੇ ਸਿਰ ਫਟ ਜਾਣ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਅਧਿਕਾਰੀ ਦੇ ਅਨੁਸਾਰ ਮ੍ਰਿਤਕ ਮਹੰਤ ਦੀ ਪਤਨੀ ਮੀਨੂੰ ਵੱਲੋਂ ਦਰਜ ਕਰਵਾਏ ਬਿਆਨਾਂ ਦੇ ਅਧਾਰ ’ਤੇ ਧਾਰਾ 174 ਦੀ ਕਾਰਵਾਈ ਕੀਤੀ ਹੈ।
ਸੜਕ ਹਾਦਸੇ ’ਚ ਇਕ ਜ਼ਖ਼ਮੀ
ਲਹਿਰਾਗਾਗਾ (ਪੱਤਰ ਪੇ੍ਰਕ): ਲਹਿਰਾਗਾਗਾ-ਸੁਨਾਮ ਮੁੱਖ ਸੜਕ ’ਤੇ ਛਾਜਲੀ ਨੇੜੇ ਵਾਪਰੇ ਮੋਟਰਸਾਈਕਲ ਟਰੈਕਟਰ ਹਾਦਸੇ ’ਚ ਇੱਕ ਵਿਅਕਤੀ ਦਰਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਪਿੰਡ ਖੰਡੇਬਾਦ ਦੇ ਵਸਨੀਕ ਗੁਰਤੇਜ ਸਿੰਘ 50 ਦੇ ਬਿਆਨ ’ਤੇ ਟਰੈਕਟਰ ਚਾਲਕ ਸਤਗੁਰ ਸਿੰਘ ਵਾਸੀ ਰਾਮਪੁਰਾ ਕੋਠੇ ਛਾਜਲੀ ਖਿਲਾਫ਼ ਕੇਸ ਦਰਜ ਕਰਕੇ ਸਹਾਇਕ ਥਾਣੇਦਾਰ ਮੇਹਰ ਸਿੰਘ ਨੂੰ ਹਾਦਸੇ ਦੀ ਜਾਂਚ ਸੌਂਪ ਦਿੱਤੀ ਹੈ।