ਨਿੱਜੀ ਪੱਤਰ ਪ੍ਰੇਰਕ
ਭਾਦਸੋਂ, 19 ਜੁਲਾਈ
ਥਾਣਾ ਭਾਦਸੋਂ ਦੇ ਅਧੀਨ ਆਉਂਦੇ ਪਿੰਡ ਪਾਲੀਆ ਖੁਰਦ ਦੀ ਇੱਕ ਨਵ-ਵਿਆਹੁਤਾ ਦੀ ਭੇਤਭਰੀ ਹਾਲਤ ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਨਾਰੰਗ ਸਿੰਘ ਪੁੱਤਰ ਬੱਗਾ ਸਿੰਘ ਵਾਸੀ ਈਸੜੂ ਨੇ ਪੁਲੀਸ ਨੂੰ ਬਿਆਨ ਦਰਜ ਕਰਵਾਏ ਕਿ ਉਸ ਦੀ ਲੜਕੀ ਸ਼ਰਨਦੀਪ ਕੌਰ ਦਾ ਵਿਆਹ 22- 11- 2020 ਨੂੰ ਪਾਲੀਆ ਖੁਰਦ ਦੇ ਗੁਰਭੇਜ ਸਿੰਘ ਪੁੱਤਰ ਗੁਰਮੀਤ ਸਿੰਘ ਨਾਲ ਹੋਇਆ। ਸਹੁਰਾ ਪਰਿਵਾਰ ਸ਼ਰਨਦੀਪ ਕੌਰ ਨੂੰ ਘੱਟ ਦਾਜ ਲਿਆਉਣ ਲਈ ਤੰਗ ਕਰਦਾ ਸੀ। ਲੰਘੀ 17 ਜੁਲਾਈ ਨੂੰ ਉਸ ਦੀ ਬੇਟੀ ਅਤੇ ਜਵਾਈ ਗੁਰਭੇਜ ਸਿੰਘ ਉਸ ਕੋਲ ਆਏ ਗੁਰਭੇਜ ਸਿੰਘ ਨੇ ਇਕ ਲੱਖ ਰੁਪਏ ਦੀ ਮੰਗ ਕੀਤੀ। ਨਾਰੰਗ ਸਿੰਘ ਨੇ ਕਿਹਾ ਕਿ ਉਸ ਨੇ ਪੈਸੇ ਇਕ ਦਿਨ ਵਿਚ ਦੇਣ ਬਾਰੇ ਕਹਿ ਕੇ ਉਨ੍ਹਾਂ ਨੂੰ ਵਾਪਸ ਪਾਲੀਆ ਭੇਜ ਦਿੱਤਾ। ਪਰ 18 ਜੁਲਾਈ ਨੂੰ ਫੋਨ ਆਇਆ ਕਿ ਸ਼ਰਨਦੀਪ ਕੌਰ ਦੀ ਮੌਤ ਗਈ ਹੈ। ਉਨਾਂ ਨੇ ਸ਼ਰਨਦੀਪ ਦੇ ਸਹੁਰਾ ਪਰਿਵਾਰ ’ਤੇ ਉਸ ਦਾ ਕਥਿਤ ਕਤਲ ਕਰਨ ਦਾ ਦੋਸ਼ ਲਾਉਂਦਿਆਂ ਪਤੀ ਗੁਰਭੇਜ ਸਿੰਘ ਅਤੇ ਉਸ ਦੇ ਪਰਿਵਾਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਸ਼ਰਨਦੀਪ ਸਰਕਾਰੀ ਅਧਿਆਪਕਾ ਸੀ ਅਤੇ ਉਸ ਦਾ ਪਤੀ ਵੀ ਸਰਕਾਰੀ ਅਧਿਆਪਕ ਹੈ। ਥਾਣਾ ਮੁਖੀ ਅੰਮ੍ਰਿਤਬੀਰ ਸਿੰਘ ਚਾਹਲ ਨੇ ਕਿਹਾ ਕਿ ਸ਼ਰਨਦੀਪ ਕੌਰ ਦੀ ਲਾਸ਼ ਕਬਜ਼ੇ ਵਿੱਚ ਲੈ ਲਈ ਹੈ। ਮੁਲਜ਼ਮ ਗੁਰਭੇਜ ਸਿੰਘ, ਗੁਰਵਿੰਦਰ ਸਿੰਘ, ਗੁਰਵੀਰ ਸਿੰਘ, ਗੁਰਮੀਤ ਸਿੰਘ ਅਤੇ ਜਸਵੰਤ ਕੌਰ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਸ਼ਰਨਦੀਪ ਦੀ ਲਾਸ਼ ਕੋਲ ਸੁਸਾਇਡ ਨੋਟ ਵੀ ਮਿਲਿਆ ਹੈ, ਜਿਸ ਦੀ ਜਾਂਚ ਕਰਵਾਈ ਜਾਣੀ ਹੈ।