ਖੇਤਰੀ ਪ੍ਰਤੀਨਿਧ
ਪਟਿਆਲਾ, 1 ਅਗਸਤ
ਇੱਕ ਦਿਨ ਪਹਿਲਾਂ ਹੀ ਕਰੋਨਾ ਪਾਜ਼ੇਟਿਵ ਮਿਲੀ ਪਟਿਆਲਾ ਦੀ ਡੀਸੀ ਸਾਕਸ਼ੀ ਸਾਹਨੀ ਦੇ ਮਾਤਾ ਪਿਤਾ ਅਤੇ ਉਨ੍ਹਾਂ ਦੇ ਘਰੇਲੂ ਨੌਕਰ ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਡਿਪਟੀ ਕਮਿਸ਼ਨਰ ਸਮੇਤ ਉਨ੍ਹਾਂ ਦੇ ਮਾਪਿਆਂ ਅਤੇ ਨੌਕਰ ਨੂੰ ਉਨ੍ਹਾਂ ਦੇ ਘਰ ’ਚ ਹੀ ਆਈਸੋਲੇਟ ਕੀਤਾ ਗਿਆ ਹੈ। ਸੰਪਰਕ ਕਰਨ ’ਤੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਡਿਪਟੀ ਕਮਿਸ਼ਨਰ ਦੇ ਮਾਪਿਆਂ ਦੀ ਕਰੋਨਾ ਸਬੰਧੀ ਰਿਪੋਰਟ ਪਾਜ਼ੇਟਿਵ ਆਉਣ ਦੀ ਪੁਸ਼ਟੀ ਕੀਤੀ ਹੈ। ਇਸ ਦੌਰਾਨ ਸਿਵਲ ਸਰਜਨ ਡਾ. ਰਾਜੂ ਧੀਰ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਭਰ ਵਿੱਚੋਂ 524 ਕੋਵਿਡ ਸਬੰਧੀ ਸੈਂਪਲ ਲੈ ਕੇ ਕਰਵਾਏ ਗਏ ਟੈਸਟਾਂ ਦੀਆਂ ਰਿਪੋਰਟਾਂ ਵਿੱਚੋਂ ਪਾਜ਼ੇਟਿਵ ਮਿਲੇ 21 ਨਾਗਰਿਕਾਂ ਵਿੱਚੋਂ 16 ਪਟਿਆਲਾ ਸ਼ਹਿਰ ਵਿੱਚੋਂ ਹੀ ਹਨ ਜਦਕਿ ਬਾਕੀਆਂ ਵਿੱਚੋਂ ਰਾਜਪੁਰਾ, ਕੌਲੀ ਤੇ ਭਾਦਸੋਂ ਤੋਂ ਇੱਕ-ਇੱਕ ਜਦਕਿ ਕਾਲੋਮਾਜਰਾ ਨਾਲ ਸਬੰਧਤ ਦੋ ਕਰੋਨਾ ਮਰੀਜ਼ ਮਿਲੇ ਹਨ। ਇਸ ਨਾਲ ਜ਼ਿਲ੍ਹੇ ਵਿੱਚ ਕੋਵਿਡ ਕੇਸਾਂ ਦੀ ਕੁੱਲ ਗਿਣਤੀ 63369 ਹੋ ਗਈ ਹੈ ਜਦਕਿ ਕੋਵਿਡ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 61,440 ਹੈ ਜਦਕਿ ਐਕਟਿਵ ਕੇਸ 215 ਹਨ।
ਦੂਜੇ ਪਾਸੇ ਕਰੋਨਾ ਸਬੰਧੀ ਜ਼ਿਲ੍ਹਾ ਨੋਡਲ ਅਫ਼ਸਰ ਡਾ. ਸਮਿਤ ਸਿੰਘ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਵਿੱਚੋਂ ਕਰੋਨਾ ਦੀ ਜਾਂਚ ਲਈ 428 ਸੈਂਪਲ ਲਏ ਗਏ ਹਨ ਜਦਕਿ ਅੱਜ ਜਿਲ੍ਹੇ ਵਿੱਚ 1576 ਨਾਗਰਿਕਾਂ ਵੱਲੋਂ ਕੋਵਿਡ ਵੈਕਸੀਨ ਦੇ ਟੀਕੇ ਲਗਵਾਏ ਗਏ।