ਖੇਤਰੀ ਪ੍ਰਤੀਨਿਧ
ਪਟਿਆਲਾ, 9 ਅਕਤੂਬਰ
ਪਟਿਆਲਾ ਵਿੱਚ 25 ਸਾਲਾਂ ਤੋਂ ਸਲੱਮ ਬਸਤੀਆਂ ਦੇ ਬੱਚਿਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਚਲਾਈ ਜਾ ਰਹੀ ‘ਮਸਤੀ ਦੀ ਪਾਠਸ਼ਾਲਾ’ ਵਿੱਚ ਆਰਟ ਐਂਡ ਕਰਾਫ਼ਟ ਵਰਕਸ਼ਾਪ ਕਰਵਾਈ ਗਈ। ਇਸ ਸਮਾਗਮ ਵਿੱਚ ਸ਼ਾਮਲ ਹੋਏ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਬੱਚਿਆਂ ਨਾਲ ਸਮਾਂ ਬਿਤਾਇਆ ਤੇ ਬੱਚਿਆਂ ਵੱਲੋਂ ਤਿਆਰ ਕੀਤੀਆਂ ਵਸਤਾਂ ਲਈ ਉਨ੍ਹਾਂ ਦੀ ਹੌਸਲਾਅਫ਼ਜ਼ਾਈ ਕੀਤੀ।
ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੀ ਬੱਚਿਆਂ ਦੀ ਭਲਾਈ ਲਈ ਚਲਾਏ ਜਾ ਰਹੇ ‘ਮੇਰਾ ਬਚਪਨ’ ਪ੍ਰਾਜੈਕਟ ਨੂੰ ‘ਮਸਤੀ ਦੀ ਪਾਠਸ਼ਾਲਾ’ ਨਾਲ ਜੋੜਿਆ ਗਿਆ ਹੈ ਜਿਸ ਦਾ ਮਕਸਦ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਸਹਿ ਵਿੱਦਿਅਕ ਗਤੀਵਿਧੀਆਂ ਨਾਲ ਜੋੜਨਾ ਹੈ। ਅੱਜ ਬੱਚਿਆਂ ਵੱਲੋਂ ਆਰਟ ਐਂਡ ਕਰਾਫ਼ਟ ਰਾਹੀਂ ਵੱਖ-ਵੱਖ ਵਸਤੂਆਂ ਬਣਾਈਆਂ ਗਈਆਂ ਹਨ।
ਇਸ ਮੌਕੇ ਪਾਠਸ਼ਾਲਾ ਦੀ ਸੰਸਥਾਪਕ ਰਾਜਪਾਲ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਇੱਥੇ ਬੱਚਿਆਂ ਨਾਲ ਹਰੇਕ ਤਿਉਹਾਰ ਮਨਾਇਆ ਜਾਂਦਾ ਹੈ। ਇੱਥੇ ਛੋਟੇ ਬੱਚਿਆਂ ਨੂੰ ਪਹਿਲਾਂ ਸਕੂਲ ਲਈ ਤਿਆਰ ਕੀਤਾ ਜਾਂਦਾ ਹੈ ਤੇ ਫੇਰ ਸਕੂਲ ਵਿੱਚ ਦਾਖਲਾ ਕਰਵਾਉਣ ਤੋਂ ਬਾਅਦ ਸ਼ਾਮ ਸਮੇਂ ਹੋਮ ਵਰਕ ਕਰਵਾਉਣ ਸਮੇਤ ਕਾਪੀ, ਪੈਨਸਲ ਤੇ ਸਕੂਲ ਲਈ ਲੋੜੀਂਦਾ ਸਾਮਾਨ ਉਪਲਬਧ ਕਰਵਾਇਆ ਜਾਂਦਾ ਹੈ। ਇਸ ਦੌਰਾਨ ਸਮਾਜ ਸੇਵੀ ਪਵਨ ਗੋਇਲ ਨੇ ਦੱਸਿਆ ਕਿ ਪਾਠਸ਼ਾਲਾ ਵਿੱਚ 70 ਬੱਚੇ ਹਨ ਜਿਨ੍ਹਾਂ ਨੂੰ ਪੜ੍ਹਾਈ ਦੇ ਨਾਲ ਨਾਲ ਨੈਤਿਕ ਕਦਰਾਂ-ਕੀਮਤਾਂ ਦੇ ਧਾਰਨੀ ਬਣਾਉਣ ਸਮੇਤ ਸਹਿ-ਵਿੱਦਿਅਕ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ।
ਇਸ ਮੌਕੇ ਸੁਦਰਸ਼ਨ ਗੁਪਤਾ, ਮਮਤਾ ਗੋਇਲ ਤੇ ਇਨਰ ਵੀਲ ਪਟਿਆਲਾ ਸ਼ਾਹੀ ਦੀ ਟੀਮ ਦੇ ਮੈਂਬਰ, ਉਪਕਾਰ ਸਿੰਘ, ਸ੍ਰੀਅੰਗ ਗਰਗ, ਗੁਰਵਿੰਦਰ ਕੌਰ, ਡਾ. ਮੰਨੂ, ਬਲਜਿੰਦਰ ਠਾਕੁਰ ਤੇ ਡਾ. ਪ੍ਰੇਮ ਸਿੰਗਲਾ ਮੌਜੂਦ ਸਨ।