ਖੇਤਰੀ ਪ੍ਰਤੀਨਿਧ
ਪਟਿਆਲਾ, 9 ਜੂਨ
ਜ਼ਿਲ੍ਹੇ ’ਚ ਹੜ੍ਹਾਂ ਤੋਂ ਬਚਾਅ ਲਈ ਜਲ ਨਿਕਾਸ, ਸਿੰਜਾਈ, ਲੋਕ ਨਿਰਮਾਣ, ਮੰਡੀ ਬੋਰਡ, ਜਲ ਸਪਲਾਈ ਤੇ ਸੀਵਰੇਜ ਬੋਰਡ, ਸਥਾਨਕ ਸਰਕਾਰਾਂ ਸਣੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਵੱਲੋਂ ਕਮਿਊਨੀਕੇਸ਼ਨ ਪਲਾਨ ਅਤੇ ਹੜ੍ਹਾਂ ਤੋਂ ਬਚਾਅ ਲਈ ਯੋਜਨਾ ਬਣਾਈ ਗਈ ਹੈ। ਇਸ ਦੀ ਸਮੀਖਿਆ ਕਰਦਿਆਂ, ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਭਾਰਤੀ ਫ਼ੌਜ, ਐੱਨ.ਡੀ.ਆਰ.ਐੱਫ., ਪੁਲੀਸ, ਸਿਹਤ ਤੇ ਖੁਰਾਕ ਤੇ ਸਿਵਲ ਸਪਲਾਈਜ਼ ਆਦਿ ਵਿਭਾਗਾਂ ਦੇ ਅਧਿਕਾਰੀਆਂ ਨਾਲ ਆਫ਼ਤ ਪ੍ਰਬੰਧਨ ਯੋਜਨਾ ’ਤੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਸੰਭਾਵਿਤ ਹੜ੍ਹਾਂ ਵਾਲੇ ਸੰਵੇਦਨਸ਼ੀਲ ਸਥਾਨਾਂ ਅਤੇ ਨੀਵੇਂ ਖੇਤਰਾਂ ਲਈ ਵਿਸ਼ੇਸ਼ ਕਾਰਜ ਯੋਜਨਾ ਬਣਾਈ ਜਾਵੇ। ਇਸ ਤੋਂ ਇਲਾਵਾ ਪੁਲੀਆਂ, ਸਾਈਫ਼ਨ, ਨਹਿਰਾਂ, ਨਾਲਿਆਂ ਤੇ ਛੱਪੜਾਂ ਆਦਿ ਦੀ ਸਾਫ਼ ਸਫ਼ਾਈ, ਨਿਰਵਿਘਨ ਬਿਜਲੀ ਸਪਲਾਈ, ਸੜਕਾਂ ਦਾ ਰੋਡ ਮੈਪ ਤਿਆਰ ਕਰਨ ਨੂੰ ਵੀ ਕਿਹਾ। ਕਿਸੇ ਕੰਮ ’ਚ ਕੋਈ ਕੁਤਾਹੀ ਨਾ ਵਰਤੀ ਜਾਵੇ ਤੇ ਸਮੂਹ ਅਧਿਕਾਰੀ ਸਾਰੇ ਕਾਰਜਾਂ ਦੀ ਨਿਗਰਾਨੀ ਖ਼ੁਦ ਕਰਨ। ਮੀਟਿੰਗ ’ਚ ਏ.ਡੀ.ਸੀ ਗੌਤਮ ਜੈਨ, ਗੁਰਪ੍ਰੀਤ ਥਿੰਦ ਤੇ ਈਸ਼ਾ ਸਿੰਘਲ ਆਦਿ ਮੌਜੂਦ ਸਨ।