ਖੇਤਰੀ ਪ੍ਰਤੀਨਿਧ
ਪਟਿਆਲਾ, 23 ਜੂਨ
ਡੀਸੀ ਸਾਕਸ਼ੀ ਸਾਹਨੀ ਨੇ ਪਟਿਆਲਾ ਜ਼ਿਲ੍ਹੇ ਅੰਦਰ ਸਥਾਪਤ ਹੋ ਰਹੇ ਅਤੇ ਹੋ ਚੁੱਕੇ ਪ੍ਰਮੁੱਖ ਉਦਯੋਗਿਕ ਪ੍ਰਾਜੈਕਟਾਂ ਦੀ ਪ੍ਰਗਤੀ ਦੀ ਸਮੀਖਿਆ ਕਰਨ ਅਤੇ ਇਨ੍ਹਾਂ ਪ੍ਰਾਜੈਕਟਾਂ ਲਈ ਰੈਗੂਲੇਟਰੀ ਕਲੀਅਰੈਂਸ ਪ੍ਰਾਪਤ ਕਰਨ ’ਚ ਆ ਰਹੀਆਂ ਮੁਸ਼ਕਲਾਂ ਜਾਣਨ ਲਈ ਮੀਟਿੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਨਅਤਾਂ ਦੀਆਂ ਮੁਸ਼ਕਲਾਂ ਹੱਲ ਕਰਨ ਲਈ ਵਚਨਬੱਧ ਹੈ। ਇਸ ਲਈ ਜ਼ਿਲ੍ਹਾ ਉਦਯੋਗ ਕੇਂਦਰ ਵਿੱਚ ਉਦਯੋਗਾਂ ਨਾਲ ਸਬੰਧਤ ਪ੍ਰਾਜੈਕਟਾਂ ਦੇ ਵੱਖ-ਵੱਖ ਵਿਭਾਗਾਂ ਨਾਲ ਸਬੰਧਤ ਕਾਰਜਾਂ ਦੇ ਨਿਪਟਾਰੇ ਲਈ ਸਿੰਗਲ ਵਿੰਡੋ ਪ੍ਰਣਾਲੀ ਕਾਰਜਸ਼ੀਲ ਹੈ। ਡੀਸੀ ਨੇ ਵਿਵਿਧਾ ਇਨਫਰਾਸਟਰਕਚਰ, ਏਸ਼ੀਅਨ ਫਾਈਨ ਸੀਮਿੰਟ, ਟਿਊਬ ਇਨਵੈਸਟਮੈਂਟ ਆਫ਼ ਇੰਡੀਆ ਯੂਨਿਟ ਟੀਆਈ ਸਾਈਕਲਜ਼ ਆਫ਼ ਇੰਡੀਆ, ਟਿਊਬ ਇਨਵੈਸਟਮੈਂਟ, ਮਨੋਹਰ ਪੈਕੇਜਿੰਗ, ਬੈਕਟਰਜ਼ ਫੂਡ ਸਪੈਸ਼ਲਿਟੀਜ਼, ਅਲਟਰਾਟੈਕ ਸੀਮਿੰਟ, ਜੇਐੱਸਡਬਲਿਊ ਸਟੀਲ ਕੋਟਡ ਪ੍ਰੋਡਕਟਸ, ਸਨਜਿਨ ਇੰਡੀਆ ਫੀਡਜ਼ ਅਤੇ ਏਅਰ ਲਿਕੁਇਡ ਨੌਰਥ ਇੰਡੀਆ ਪ੍ਰਾਜੈਕਟਾਂ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਇਨ੍ਹਾਂ ਪ੍ਰਾਜੈਕਟਾਂ ਦੀ ਪ੍ਰਗਤੀ ਅਤੇ ਦਰਪੇਸ਼ ਸਮੱਸਿਆਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।